ਸੇਵਾਵਾਂ ਖ਼ਤਮ ਕਰਨ ਤੋਂ 48 ਘੰਟੇ ਪਹਿਲਾਂ ਦਿੱਤਾ ਗਿਆ ਸੀ ਅਲਟੀਮੇਟਮ, ਪ੍ਰੰਤੂ ਨਹੀਂ ਦਿੱਤੀ ਹਾਜ਼ਰੀ-ਸੁਭਾਸ਼ ਚੰਦਰ
ਮੋਗਾ, 26 ਅਗਸਤ
(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦਾ ਮਗਨਰੇਗਾ ਸਟਾਫ਼ ਪਿਛਲੇ ਸਮੇਂ ਤੋਂ ਲਗਾਤਾਰ ਹੜਤਾਲ ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਮਗਨਰੇਗਾ ਕਰਮਚਾਰੀਆਂ ਨੂੰ 20 ਅਗਸਤ, 2021 ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ 48 ਘੰਟਿਆਂ ਦੇ ਅੰਦਰ-ਅੰਦਰ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਏ ਤਾਂ ਤੁਹਾਡੇ ਨਾਲ ਕੀਤੇ ਕੰਟਰੈਕਟ ਦੀਆਂ ਸ਼ਰਤਾਂ ਅਨੁਸਾਰ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਣਗੀਆਂ ਪ੍ਰੰਤੂ ਇਹ ਸਟਾਫ਼ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਉਸੇ ਦਿਨ ਹੀ ਸਾਰੇ 80 ਨਰੇਗਾ ਮੁਲਾਜ਼ਮਾਂ ਨੂੰ ਬੀ.ਡੀ.ਪੀ.ਓ.ਜ਼. ਰਾਹੀਂ ਵੱਖਰੇ-ਵੱਖਰੇ ਨੋਟਿਸ ਜਾਰੀ ਕਰਕੇ 48 ਘੰਟਿਆਂ ਦੇ ਅੰਦਰ-ਅੰਦਰ ਡਿਊਟੀ ਜੁਆਇੰਨ ਕਰਨ ਲਈ ਵੀ ਲਿਖਿਆ ਗਿਆ ਸੀ ਪ੍ਰੰਤੂ ਕਰਮਚਾਰੀਆਂ ਵੱਲੋਂ ਫਿਰ ਵੀ ਆਪਣੀ ਡਿਊਟ ਜੁਆਇੰਨ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਨਰੇਗਾ ਕਰਮਚਾਰੀਆਂ ਦੀ ਅਣਗਹਿਲੀ ਕਾਰਣ ਮਿਤੀ 9 ਜੁਲਾਈ, 2021 ਤੋਂ ਮੁਕੰਮਲ ਹੜਤਾਲ ਤੇ ਹੋਣ ਕਰਕੇ ਸਕੀਮ ਨੂੰ ਲਾਗੂ ਕਰਨ ਵਿੱਚ ਵਿਘਨ ਪੈਦਾ ਕਰਨ ਸਬੰਧੀ ਬਲਾਕ ਪੱਧਰ ਤੇ ਤਾਇਨਾਤ ਮਗਨਰੇਗਾ ਸਟਾਫ਼ ਨਾਲ ਕੀਤੇ ਗਏ ਸਰਵਿਸ ਕੰਟਰੈਕਟ ਦੀ ਸ਼ਰਤ ਨੰਬਰ 4 ਅਨੁਸਾਰ ਸੰਯੁਕਤ ਵਿਕਾਸ ਕਮਿਸ਼ਨਰ ਕਮ ਕਮਿਸ਼ਨਰ ਮਗਨਰੇਗਾ ਅਤੇ ਸਪੈਸ਼ਲ ਸਕੱਤਰ ਮੋਹਾਲੀ ਦੇ ਨਿਰਦੇਸ਼ਾਂ ਤਹਿਤ ਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਮਿਤੀ 25 ਅਗਸਤ, 2021 ਤੋਂ ਬਰਖਾਸਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮ-ਡੀ.ਪੀ.ਸੀ. ਮਗਨਰੇਗਾ ਮੋਗਾ ਸ੍ਰੀ ਸੰਦੀਪ ਹੰਸ ਜੀ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਕੁੱਲ 80 ਨਰੇਗਾ ਕਰਮਚਾਰੀ ਬਰਖਾਸਤ ਕੀਤੇ ਗਏ ਹਨ ਜਿੰਨ੍ਹਾਂ ਵਿੱਚ ਬਲਾਕ ਮੋਗਾ 1 ਦੇ 14, ਬਲਾਕ ਮੋਗਾ-2 ਦੇ 11, ਬਲਾਕ ਬਾਘਾਪੁਰਾਣਾ ਦੇ 18, ਬਲਾਕ ਨਿਹਾਲ ਸਿੰਘ ਵਾਲਾ ਦੇ 14 ਅਤੇ ਬਲਾਕ ਕੋਟ ਈਸੇ ਖਾਂ ਦੇ 23 ਨਰੇਗਾ ਮੁਲਾਜ਼ਮ ਸ਼ਾਮਿਲ ਹਨ।