ਮੋਗਾ, 4 ਸਤੰਬਰ (ਜਗਰਾਜ ਸਿੰਘ ਗਿੱਲ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ, ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਵੱਲੋ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਅਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਜਿਲ੍ਹਾ ਪੱਧਰ ਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜਿਸ ਪੋਲਿੰਗ ਸਟੇਸ਼ਨ ਵਿੱਚ 1500 ਜਾਂ ਇਸ ਤੋਂ ਵੱਧ ਵੋਟਰ ਹਨ, ਉਸ ਦੇ ਦੋ ਬੂਥ ਬਣਾਏ ਜਾਣੇ ਹਨ। ਪ੍ਰੰਤੂ ਜਿਲ੍ਹੇ ਵਿੱਚ ਪੈਂਦੇ ਸਮੂਹ ਚਾਰ ਵਿਧਾਨ ਸਭਾ ਚੋਣ ਹਲਕਿਆ ਵਿੱਚ ਕਿਸੇ ਵੀ ਪੋਲਿੰਗ ਸਟੇਸ਼ਨ ਤੇ 1500 ਤੋਂ ਵੱਧ ਵੋਟਰ ਨਹੀਂ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਠੀਕ ਨਹੀਂ ਹੈ ਜਾਂ ਬਿਲਡਿੰਗ ਤਬਦੀਲੀ ਕਰਨੀ ਹੈ ਤਾਂ ਉਸ ਸਬੰਧੀ ਆਪਣੇ ਸੁਝਾਅ ਮਿਤੀ 08.09.2020 ਤੱਕ ਜਿਲਾ ਚੋਣ ਦਫਤਰ ਜਾਂ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਦੇ ਸਕਦੇ ਹੋ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 1 ਜਨਵਰੀ 2021 ਦੇ ਅਧਾਰ ਤੇ ਵੋਟਰ ਸੂਚੀ ਦੀ ਸਮਰੀ ਰਿਵੀਜਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 16.11.2020 ਨੂੰ ਕੀਤੀ ਜਾਵੇਗੀ ਮਿਤੀ 16.11.2020 ਤੋ 15.12.2020 ਤੱਕ ਦਾਅਵੇ ਅਤੇ ਇਤਰਾਜ਼ (ਫਾਰਮ ਨੰਬਰ6,7,8, ਵਿੱਚ) ਲਏ ਜਾਣਗੇ। ਮਿਤੀ 21.11.2020, 22.11.2020 ਅਤੇ ਮਿਤੀ 05.12.2020, 06.12.2020 (ਸ਼ਨੀਵਾਰ ਅਤੇ ਐਤਵਾਰ) ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ਤੇ ਬੈਠ ਕੇ ਆਮ ਜਨਤਾ ਤੋਂ ਫਾਰਮ ਪ੍ਰਾਪਤ ਕਰਨਗੇ। ਇਨ੍ਹਾਂ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 05.01.2021 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਮੂਹ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਹਰੇਕ ਬੂਥ ਤੇ ਬੀ.ਐਲ.ਏ. (ਬੂਥ ਲੈਵਲ ਏਜੰਟ) ਨਿਯੁਕਤ ਕਰਨ ਦੀ ਅਪੀਲ ਵੀ ਕੀਤੀ।
ਇਸ ਮੀਟਿੰਗ ਵਿੱਚ ਹਰਵਿੰਦਰ ਸਿੰਘ ਇੰਚਾਰਜ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਕੁਲਦੀਪ ਸਿੰਘ ਜੋਗੇ ਵਾਲਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਰਨੈਲ ਸਿੰਘ ਸੈਕਟਰੀ ਸੀ.ਪੀ.ਆਈ.ਐਮ, ਸੰਜੀਵ ਕੋਛੜ ਇੰਚਾਰਜ ਆਮ ਆਦਮੀ ਪਾਰਟੀ ਅਤੇ ਵਨੀਤ ਸ਼ਰਮਾ, ਪ੍ਰਧਾਨ ਨੈਸ਼ਲਿਸਟ ਕਾਂਗਰਸ ਪਾਰਟੀ ਆਦਿ ਹਾਜਰ ਹੋਏ। ਇਸ ਤੋਂ ਇਲਾਵਾ ਚੋਣ ਤਹਿਸੀਲਦਾਰ ਮਨਜੀਤ ਸਿੰਘ ਅਤੇ ਸਟਾਫ ਮੈਬਰ ਹਾਜਰ ਸਨ।