ਮੋਗਾ, 7 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੁਆਰਾ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕਰੋਨਾ ਵਾਈਰਸ ਤੋਂ ਬਚਣ ਦੀਆਂ ਸਾਵਧਾਨੀਆਂ ਨੂੰ ਦਰਸਉਂਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਰੋਜ਼ਗਾਰ ਅਫਸਰ ਪਰਮਿੰਦਰ ਕੋਰ , ਬੀ.ਟੀ.ਐਮ. ਪੁਸ਼ਰਾਜ ਜਾਜਰਾ, ਏ.ਪੀ.ਓ. ਰਾਮ ਪ੍ਰਵੇਸ਼ ਅਤੇ ਆਈ.ਟੀ. ਮੈਨੇਜਰ ਸੁਮਿਤ ਗੋਇੰਲ ਮੌਜੂਦ ਸਨ।
ਇਸ ਮੌਕੇ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਉ ਲਈ ਜਾਗਰੂਕਤਾ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸਦਾ ਪ੍ਰਚਾਰ ਪਿੰਡ-ਪਿੰਡ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਤਹਿਤ ਅਸੀਂ ਬਹੁਤ ਹੱਦ ਤੱਕ ਕਰੋਨਾ ਉੱਪਰ ਜਿੱਤ ਹਾਸਲ ਕਰ ਚੁੱਕੇ ਹਾਂ ਪ੍ਰੰਤੂ ਹਾਲੇ ਸਾਨੂੰ ਕਰੋਨਾ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ।
ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਇਸ ਬਿਮਾਰੀ ਦਾ ਪੂਰਨ ਤੌਰ ਤੇ ਖਾਤਮਾ ਨਹੀਂ ਹੋ ਜਾਂਦਾ ਉਦੋਂ ਤੱਕ ਸਾਵਧਾਨੀਆਂ ਵਰਤਣ ਵਿੱਚ ਕਿਸੇ ਵੀ ਤਰ੍ਹਾ ਦੀ ਢਿੱਲ ਨਾ ਕੀਤੀ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮੂੰਹ ਤੇ ਮਾਸਕ ਲਗਾਉਣਾ, 2 ਗਜ਼ ਦੀ ਦੂਰੀ ਬਣਾਈ ਰੱਖਣ ਆਦਿ ਵਰਗੇ ਦਿਸ਼ਾ-ਨਿਰਦੇਸ਼ਾ ਦਾ ਪਾਲਣ ਹੁਣ ਵੀ ਜਰੂਰੀ ਤੌਰ ਤੇ ਕੀਤਾ ਜਾਵੇ।