ਜ਼ਿਲ੍ਹਾ ਜਲੰਧਰ ਅਤੇ ਮੋਗਾ ਦੀ ਹੱਦ ਤੋਂ 3 ਕਿਲੋਮੀਟਰ ਦੇ ਘੇਰੇ ਅੰਦਰ ਰਹੇਗਾ ਡਰਾਈ ਡੇ
ਵੋਟਾਂ ਵਾਲੇ ਦਿਨ 8 ਤੋਂ 10 ਮਈ ਅਤੇ ਗਿਣਤੀ ਵਾਲੇ ਦਿਨ 13 ਮਈ ਨੂੰ ਰਹਿਣਗੇ ਹੁਕਮ ਲਾਗੂ-ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ, 28 ਅਪ੍ਰੈਲ (ਜਗਰਾਜ ਸਿੰਘ ਗਿੱਲ)
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਭ ਸਭਾ ਜਲੰਧਰ ਦੀਆਂ ਉੱਪ ਚੋਣਾਂ ਮਿਤੀ 10 ਮਈ, 2023 ਨੂੰ ਕਰਵਾਈਆਂ ਜਾਣੀਆਂ ਹਨ ਅਤੇ 13 ਮਈ ਨੂੰ ਇਨ੍ਹਾਂ ਦੀ ਗਿਣਤੀ ਕੀਤੀ ਜਾਣੀ ਹੈ। ਇਸ ਚੋਣ ਪ੍ਰਕਿਰਿਆ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਮਿਤੀ 8 ਮਈ ਤੋਂ 10 ਮਈ, 2023 ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਮਿਤੀ 13 ਮਈ, 2023 ਨੂੰ ਜ਼ਿਲ੍ਹਾ ਜਲੰਧਰ ਅਤੇ ਮੋਗਾ ਦੀ ਹੱਦ ਤੋਂ 3 ਕਿਲੋਮੀਟਰ ਦੇ ਘੇਰੇ ਅੰਦਰ ਡਰਾਈ ਡੇ ਘੋਸ਼ਿਤ ਕੀਤਾ ਜਾਣਾ ਜਰੂਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਅਤੇ ਮੋਗਾ ਦੀ ਹੱਦ ਤੋਂ 3 ਕਿਲੋਮੀਟਰ ਦੇ ਘੇਰੇ ਅੰਦਰ ਮਿਤੀ 8 ਮਈ, 2023 ਨੂੰ ਸ਼ਾਮ 6 ਵਜੇ ਤੋਂ 10 ਮਈ, 2023 ਤੱਕ ਵੋਟਾਂ ਦਾ ਕੰਮ ਮੁਕੰਮਲ ਹੋਣ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਮਿਤੀ 13 ਮਈ, 2023 ਨੂੰ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਲਾਇਸੰਸ ਅਨੁਮਤ ਮਾਤਰਾ ਤੋਂ ਵੱਧ ਸ਼ਰਾਬ ਸਟੋਰ ਕਰਨ ਤੇ ਪੂਰਨ ਤੌਰ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ, ਤੇ ਵੀ ਪੂਰਨ ਤੌਰ ਉੱਪਰ ਲਾਗੂ ਹੋਣਗੇ।