ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਹੀਲਾ ਵਰਤਣ ਲਈ ਕਿਹਾ
ਪੰਜਾਬ ਸਰਕਾਰ ਵਲੋਂ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਸੋਰਸ ਤੇ ਭਾਅ ਨਿਰਧਾਰਿਤ
ਮੋਗਾ, 17 ਨਵੰਬਰ
(ਜਗਰਾਜ ਗਿੱਲ,ਮਨਪ੍ਰੀਤ ਮੋਗਾ,ਗੁਰਪ੍ਰਸਾਦ ਸਿੱਧੂ)
ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਰੇਤੇ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਹੀਲਾ ਵਰਤਣ ਲਈ ਕਿਹਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਲੋਕਾਂ ਨੂੰ ਹਰ ਹਾਲ ਵਿੱਚ ਸਸਤੀਆਂ ਦਰਾਂ ‘ਤੇ ਰੇਤਾ ਮੁਹੱਈਆ ਕਰਵਾਇਆ ਜਾਵੇ।
ਉਹਨਾਂ ਦੱਸਿਆ ਕਿ ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ, 2021 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਾਜਬ ਦਰਾਂ ’ਤੇ ਰੇਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਸਦਾ ਭਾਅ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੇ ਸੋਰਸ ਤੇ ਨਿਰਧਾਰਿਤ ਕੀਤਾ ਗਿਆ ਹੈ। ਜਿਸ ਨੂੰ ਬੇਸ ਰੇਟ ਮੰਨਦੇ ਹੋਏ ਲੋਕਾਂ ਨੂੰ ਵਾਜਬ ਰੇਟ/ ਸਸਤੇ ਰੇਟਾ ਤੇ ਰੇਤ ਮੁਹੱਈਆ ਕਰਵਾਇਆ ਜਾਵੇਗਾ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੈਅ ਕੀਤਾ ਗਿਆ ਏਜੰਡਾ ‘ਮਿਸ਼ਨ ਕਲੀਨ’ ਬਹੁਤ ਸਪੱਸ਼ਟ ਹੈ ਅਤੇ ਇਸ ਦੀ ਸਿਧਾਂਤਕ ਤੌਰ ‘ਤੇ ਪਾਲਣਾ ਸਖ਼ਤੀ ਨਾਲ ਕੀਤੀ ਜਾਵੇਗੀ । ਰੇਤੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਸੇ ਨੂੰ ਵੀ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਰੇਟਾਂ ਤੋਂ ਵੱਧ ਵਸੂਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਸਰਕਾਰ ਵਲੋਂ ਜਾਰੀ ਰੇਟ ਅਨੁਸਾਰ ਰੇਤਾ ਲੋਕਾਂ ਨੂੰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ । ਉਨ੍ਹਾਂ ਸਪੱਸਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੱਧ ਵਸੂਲੀ ਕਰਨ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਲੋੜ੍ਹ ਪੈਣ ਉੱਤੇ ਪੁਲਿਸ ਦੀ ਸਹਾਇਤਾ ਲੈਣ ਦੀ ਵੀ ਹਦਾਇਤ ਕੀਤੀ।
ਇਸ ਤੋਂ ਪਹਿਲਾਂ ਡਿਪਟੀ ਕਮਿਸਨਰ ਨੇ ਐਸ.ਡੀ.ਐਮਜ ਅਤੇ ਡੀ.ਐਸ.ਪੀਜ ਨੂੰ ਵੀ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਨਵੇਂ ਭਾਅ ਲਾਗੂ ਕਰਨ ਲਈ ਨਿਗਰਾਨੀ ਕਰਨ ਦੇ ਹੁਕਮ ਵੀ ਦਿੱਤੇ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ, ਐਕਸੀਅਨ ਰਮਣੀਕ ਕੌਰ, ਐਸ ਡੀ ਓ ਸ੍ਰ ਗੁਰਸਿਮਰਨ ਸਿੰਘ ਗਿੱਲ ਅਤੇ ਹੋਰ ਵੀ ਹਾਜ਼ਰ ਸਨ।