ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਮਨਦੀਪ ਪੰਨੂ ਨੇ ਕੀਤੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ
ਲੜਕੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਕੀਤਾ ਜਾਗਰੂਕ
ਮੋਗਾ, 10 ਨਵੰਬਰ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਆਜ਼ਾਦੀ ਦਾ ਅਮ੍ਰਿੰਤ ਮਹੋਤਸਵ ਮੁਹਿੰਮ ਦੇ ਤਹਿਤ ਨਾਲਸਾ ਦੀਆਂ ਹਦਾਇਤਾਂ ਮੁਤਾਬਿਕ 2 ਅਕਤੂਬਰ ਤੋਂ 14 ਨਵੰਬਰ ਤੱਕ ਦਾ ਕੰਪੈਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ 07 ਨਵੰਬਰ ਤੋਂ 14 ਨਵੰਬਰ 2021 ਤੱਕ ਲੀਗਲ ਲਿਟਰੇਸੀ ਸਪਤਾਹ ਮਨਾਇਆ ਜਾ ਰਿਹਾ ਹੈ।
ਉਪਰੋਕਤ ਕੰਪੈਨ ਦੇ ਤਹਿਤ ਆਈ.ਟੀ.ਆਈ. ਮੋਗਾ ਵਿਖੇ ਲੀਗਲ ਸਰਵਿਸ ਡੇ ਦੇ ਮੌਕੇ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੁਆਰਾ ਨਾਲਸਾ ਅਤੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ ਕਾਨੂੰਨੀ ਸਾਖਰਤਾ ਸੈਮੀਨਾਰ/ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲਾਂ, ਕਾਲਜਾਂ ਦੀਆਂ ਲੜਕੀਆਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ।
ਇਸ ਕਾਨੂੰਨੀ ਸਾਜਰਤਾ ਕੈਂਪ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਮੈਡਮ ਮਨਦੀਪ ਪੰਨੂ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਸੈਮੀਨਾਰ ਵਿੱਚ ਲੜਕੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ, ਕੁੜੀਆਂ ਅਤੇ ਔਰਤਾਂ ਦੇ ਹੱਕਾਂ ਬਾਰੇ ਵਿਸਥਾਰ ਵਿੱਚ ਜਾਣੂੰ ਕਰਵਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਨੁੰ ਆਈ.ਟੀ.ਆਈ ਕਰਨ ਤੋਂ ਬਾਅਦ ਨੌਕਰੀ ਦੇ ਮਾਹੌਲ ਵਿੱਚ ਆਉਣ ਵਾਲੀਆਂ ਔਕੜਾਂ ਅਤੇ ਉਨ੍ਹਾਂ ਨਾਲ ਨਜਿੱਠਣ ਬਾਰੇ ਜਾਣੂੰ ਕਰਵਾਇਆ।
ਉਨ੍ਹਾਂ ਨੌਕਰੀ ਦੌਰਾਨ ਆਉਣ ਵਾਲੀਆਂ ਔਕੜਾਂ ਤੋਂ ਬਚਣ ਲਈ ਕੁੜੀਆਂ ਦੇ ਸਬੰਧ ਵਿੱਚ ਬਣੇ ਹੋਏ ਕਾਨੂੰਨਾਂ ਬਾਰੇ ਲੜਕੀਆਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਹਰ ਇੱਕ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜਿਥੇ ਵੀ ਕੋਈ ਔਰਤ ਨੌਕਰੀ ਕਰਦੀ ਹੈ ਉੱਥੇ ਇੱਕ ਕਮੇਟੀ ਬਣਾਈ ਜਾਣੀ ਜਰੂਰੀ ਹੈ ਜ਼ੋ ਕਿ ਕੁੜੀਆਂ ਦੀ ਜਿਨਸੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਇਸ ਕਮੇਟੀ ਦਾ ਮੁੱਖ ਮੰਤਵ ਕੁੜੀਆਂ ਨੂੰ ਕੰਮ ਕਰਨ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਨਾਲ ਨਜਿੱਠਣਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਸਮਾਜ ਦੀਆਂ ਔਰਤਾਂ ਆਪਣੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਹੋਣਗੀਆਂ ਤਾਂ ਹੀ ਸਾਡਾ ਸਮਾਜ ਹੋਰ ਤਰੱਕੀ ਕਰ ਸਕੇਗਾ।
ਇਸ ਤੋਂ ਇਲਾਵਾ ਮਾਣਯੋਗ ਮੈਡਮ ਪੰਨੂੰ ਜੀ ਨੇ ਉਨ੍ਹਾਂ ਨੂੰ ਆਈ.ਪੀ.ਸੀ ਦੀ ਧਾਰਾ 354 ਦੇ ਵਿੱਚ ਹੋਈਆਂ ਸੋਧਾਂ ਬਾਰੇ ਜਾਣੂ ਕਰਵਾਇਆ ਤਾਂ ਜ਼ੋ ਕੰਮ ਕਰਨ ਦੇ ਮਾਹੌਲ ਨਾਲ ਉਨ੍ਹਾਂ ਨੂੰ ਸਮਾਜ ਵਿੱਚ ਵੀ ਵਿਚਰਨ ਲਈ ਕੋਈ ਦਿੱਕਤ ਪੇਸ਼ ਨਾ ਆਵੇ।
ਉਸ ਤੋਂ ਬਾਅਦ ਪੰਨੂ ਜੀ ਨੇ ਮੁਫ਼ਤ ਕਾਨੂੰਨੀ ਸੇਵਾਵਾ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ, ਔਰਤ, ਹਿਰਾਸਤ ਵਿੱਚ ਵਿਅਕਤੀ, ਬੇਗਾਰ ਦਾ ਮਾਰਿਆ ਹੋਇਆ ਵਿਅਕਤੀ ਅਤੇ ਜਿਸ ਵਿਅਕਤੀ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ ਉਸ ਨੂੰ ਮੁਫ਼ਤ ਕਾਨੂੰਨੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਮੁਫ਼ਤ ਕਾਨੂੰਨੀ ਸੇਵਾ ਵਿੱਚ ਵਕੀਲਾਂ ਦੀਆਂ ਸੇਵਾਵਾਂ, ਕੋਰਟ ਫੀਸ, ਗਵਾਹਾਂ ਦੇ ਖਰਚੇ ਆਦਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾ ਕੀਤੇ ਜਾਂਦੇ ਹਨ।
ਇਸ ਮੌਕੇ ‘ਤੇ ਆਈ.ਟੀ.ਆਈ ਮੋਗਾ ਦੇ ਪ੍ਰਿੰਸੀਪਲ ਮੈਡਮ ਸ਼ਿਲਪਾ, ਆਈ.ਟੀ.ਆਈ(ਲੜਕੀਆਂ) ਮੋਗਾ ਦੇ ਪ੍ਰਿੰਸੀਪਲ ਸ਼੍ਰੀ ਜਗਤਾਰ ਸਿੰਘ, ਆਈ.ਟੀ.ਆਈ (ਲੜਕੀਆਂ) ਚੁਹੜਚੱਕ ਤੋਂ ਪ੍ਰਿੰਸੀਪਲ ਸ. ਗੁਰਦੇਵ ਸਿੰਘ, ਆਈ.ਟੀ.ਆਈ ਮੋਗਾ ਤੋਂ ਸ਼੍ਰੀ ਪਵਨ ਕੁਮਾਰ ਨੇ ਮੈਡਮ ਮਨਦੀਪ ਪੰਨੂੰ ਜੀ ਦਾ ਇਸ ਕੈਂਪ ਨੂੰ ਆਯੋਜਿਤ ਕਰਵਾਉਣ ਲਈ ਧੰਨਵਾਦ ਕੀਤਾ।