ਮੋਗਾ, 24 ਫਰਵਰੀ (ਜਗਰਾਜ ਸਿੰਘ ਗਿੱਲ) ਸਮਾਜ ਸੇਵੀ ਅਤੇ ਯੂਥ ਬੀ.ਜੇ.ਪੀ ਕਾਲਜ ਆਊਟਰੀਚ ਦੇ ਸੂਬਾ ਪ੍ਰਧਾਨ ਹਰਮਨਦੀਪ ਸਿੰਘ ਮੀਤਾ 1 ਮਾਰਚ ਤੋਂ 7 ਮਾਰਚ ਤੱਕ ਹੋਣ ਵਾਲੇ ਵਿਸ਼ਵ ਯੂਵਾ ਮਹਾਂਉਤਸ਼ਵ ਵਰਡਲ ਯੂਥ ਫੈਸਟੀਵਲ ਵਿਚ ਸ਼ਮੂਲੀਅਤ ਕਰਨਗੇ। ਜ਼ਿਕਰਯੋਗ ਹੈ ਕਿ ਹਰਮਨਦੀਪ ਸਿੰਘ ਮੀਤਾ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ) ਵਿਚ ਵੀ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਲੰਮੇ ਸਮੇਂ ਤੋਂ ਭਾਜਪਾ ਯੁਵਾ ਮੋਰਚਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿਸ ਕਰ ਕੇ ਹਰਮਨਦੀਪ ਸਿੰਘ ਮੀਤਾ ਦੀ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਅਤੇ ਕਾਰਗੁਜਾਰੀ ਨੂੰ ਵੇਖਦੇ ਹੋਏ ਵਿਸ਼ਵ ਯੂਵਾ ਮਹਾਂਉਤਸ਼ਵ ਵਰਡਲ ਯੂਥ ਫੈਸਟੀਵਲ ਵਿਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਰਸੀਆ ਵਿਚ ਹੋਣ ਜਾ ਰਹੇ ਵਿਸ਼ਵ ਯੂਵਾ ਮਹਾਂਉਤਸ਼ਵ ਵਰਡਲ ਯੂਥ ਫੈਸਟੀਵਲ ਹਰ ਵਾਰ ਸੱਤ ਸਾਲ ਦੇ ਬਾਅਦ ਹੁੰਦਾ ਹੈ, ਜਿਸ ਵਿਚ ਦੁਨੀਆਂ ਦੇ 20 ਹਜ਼ਾਰ ਦੇ ਕਰੀਬ ਲੋਕ ਇਸ ਫੈਸਟੀਵਲ ਦਾ ਹਿੱਸਾ ਬਣਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਵਿਚ ਉਹ ਲੋਕ ਹੀ ਇਸ ਦਾ ਹਿੱਸਾ ਬਣਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਵੱਖ-ਵੱਖ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ, ਜਿਵੇਂ ਯੂਥ ਆਗੂ, ਪੀ.ਐਚ.ਡੀ ਸਕਾਲਰ, ਸਪੋਰਸਟਮੈਨ ਬਿਊਰੋਕ੍ਰੇਟ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਵਿਚਕਾਰ ਹੁੰਦੀ ਹੈ ਉਹ ਹੀ ਇਸ ਸਮਾਗਮ ਵਿਚ ਭਾਗ ਲੈਂਦੇ ਹਨ। ਉਕਤ ਫੈਸਟੀਵਲ ਦੀ ਅੱਗੇ ਜਾਣਕਾਰੀ ਦਿੰਦਿਆਂ ਸ੍ਰੀ ਮੀਤਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਦੇ ਵੱਖ-ਵੱਖ ਤਰ੍ਹਾਂ ਦੇ ਈਵੈਂਟ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚੋਂ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੰਡੀਆਂ ਵਿਚੋਂ 29,000 ਨੇ ਇਸ ਵਿਚ ਸ਼ਾਮਲ ਹੋਣ ਲਈ ਅਰਜੀਆਂ ਦਿੱਤੀਆਂ ਸਨ, ਜਿਨ੍ਹਾਂ ਵਿਚੋਂ 360 ਦੀ ਹੀ ਸਿਲੈਕਸ਼ਨ ਹੋਈ ਅਤੇ ਇਸ ਸਿਲੈਕਸਨ ਵਿਚ ਪੰਜਾਬ ਦੇ ਮੋਗਾ ਜ਼ਿਲੇ ਤੋਂ ਮੇਰੇ ਵੱਲੋਂ ਇਸ ਫੈਸਟੀਵਲ ਵਿਚ ਹਿੱਸਾ ਲਿਆ ਜਾ ਰਿਹਾ ਹੈ, ਜਿਸ ਲਈ ਮੈਂ ਐਨ.ਪੀ.ਸੀ ਦੇ ਚੇਅਰਮੈਨ ਵਰੁਣ ਕਸ਼ਿਅਪ ਅਤੇ ਐਨ.ਪੀ.ਸੀ ਸਕੱਤਰ ਉਦੇ ਸੂਦ ਦਾ ਦਿਲੋਂ ਧੰਨਵਾਦ ਕਰਦਾ ਹੈ। ਸ਼੍ਰੀ ਮੀਤਾ ਨੇ ਦੱਸਿਆ ਕਿ 360 ਗਤੀਸ਼ੀਲ ਨੌਜਵਾਨ ਭਾਰਤੀਆਂ ਨੂੰ ਮਾਰਚ ਵਿਚ ਰੂਸ ਦੇ ਸੋਚੀ ਵਿਚ ਹੋਣ ਵਾਲੇ ਵੱਕਾਰੀ ਵਿਸ਼ਵ ਯੁਵਾ ਉਤਸਵ 2024 ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਉਤਸ਼ਾਹੀ ਵਿਅਕਤੀਆਂ ਦਾ ਇਹ ਸਮੂਹ ਵਿਸ਼ਵ ਪੱਧਰ ’ਤੇ ਭਾਰਤ ਦੀ ਵਿਭਿੰਨਤਾ, ਸਿਰਜਣਾਤਮਕਤਾ ਅਤੇ ਸੰਭਾਵਨਾਵਾਂ ਨੂੰ ਮੂਰਤੀਮਾਨ ਕਰੇਗਾ, ਕਿਉਂਕਿ ਉਹ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਵਿਸ਼ਵ ਭਰ ਦੇ ਨੌਜਵਾਨਾਂ ਨਾਲ ਸਹਿਯੋਗੀ ਸੰਵਾਦ ਵਿਚ ਸ਼ਾਮਲ ਹੋਣਗੇ।