ਆਰ.ਬੀ.ਐਸ.ਕੇ. ਸਕੀਮ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜਤ 3 ਬੱਚਿਆਂ ਦੇ ਕਰਵਾਏ ਮੁਫ਼ਤ ਸਫ਼ਲ ਆਪ੍ਰੇਸ਼ਨ
ਮੋਗਾ 21 ਅਪ੍ਰੈਲ /ਜਗਰਾਜ ਸਿੰਘ ਗਿੱਲ/
ਸਿਵਲ ਹਸਪਤਾਲ ਮੋਗਾ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਸਕੂਲ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਤਿੰਨ ਬੱਚਿਆਂ ਦੇ ਮੁਫ਼ਤ ਅਪਰੇਸ਼ਨ ਸੀ.ਐਮ.ਸੀ. ਲੁਧਿਆਣਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਸਫ਼ਲਤਾਪੂਰਵਕ ਕਰਵਾਏ ਗਏ। ਇਹ ਤਿੰਨੋਂ ਵਿਦਿਆਰਥੀ ਲੋੜਵੰਦ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ ਅਤੇ ਇਨਾਂ ਦੇ ਪਰਿਵਾਰਾਂ ਨੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਅੱਗੇ ਹੋ ਕੇ ਕਰਵਾਏ ਇਸ ਇਲਾਜ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਹੈ।
ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਇਨਾਂ ਬੱਚਿਆਂ ਵਿੱਚ ਸਮਰ ਕੁਮਾਰ ਪਾਂਡੇ ਉਮਰ ਲਗਭਗ 6 ਸਾਲ ਵਾਸੀ ਲੰਢੇਕੇ ਜਿਹੜਾ ਕਿ ਦਿਲ ਦੇ ਸੁਰਾਖ ਦੀ ਬਿਮਾਰੀ ਤੋਂ ਪੀੜਤ ਸੀ। ਇਸ ਬੱਚੇ ਦਾ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਮਿਤੀ 15 ਦਸੰਬਰ, 2020 ਨੂੰ ਸੀ.ਐਮ.ਸੀ. ਲੁਧਿਆਣਾ ਤੋਂ ਦਿਲ ਦਾ ਮੁਫ਼ਤ ਸਫ਼ਲ ਆਪ੍ਰੇਸ਼ਨ ਕਰਵਾਇਆ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਧੇਵਾਲਾ ਵਿੱਚ ਪੜਦੀ ਲਗਭਗ 12 ਸਾਲ ਦੀ ਬੱਚੀ ਪ੍ਰਗਿਆ ਵੀ ਦਿਲ ਵਿੱਚ ਸੁਰਾਖ ਦੀ ਬਿਮਾਰੀ ਤੋਂ ਪੀੜਤ ਸੀ ਇਸਦਾ ਇਲਾਜ ਵੀ ਸਿਹਤ ਵਿਭਾਗ ਵੱਲੋਂ ਸੀ.ਐਮ.ਸੀ. ਲੁਧਿਆਣਾ ਦੇ ਹਸਪਤਾਲ ਵਿੱਚੋਂ ਮਿਤੀ 16 ਮਾਰਚ, 2022 ਨੂੰ ਮੁਫ਼ਤ ਸਫ਼ਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਸਿਮਰਪ੍ਰੀਤ ਕੌਰ ਨਾਮ ਦੀ ਲਗਭਗ 6 ਸਾਲ ਦੀ ਬੱਚੀ ਨੂੰ ਕੋਕਲੀਅਰ ਇਮਪਲਾਂਟ ਬਿਲਕੁਲ ਲਗਾਇਆ ਗਿਆ ਹੈ।ਇਹ ਬੱਚੀ ਜਿਸ ਬਿਮਾਰੀ ਤੋਂ ਪੀੜਤ ਸੀ ਉਸ ਵਿਚ ਬੱਚੇ ਨੂੰ ਜਨਮ ਤੋਂ ਹੀ ਨਹੀਂ ਸੁਣਦਾ ਹੁੰਦਾ। ਇਸ ਬੱਚੀ ਦਾ ਮਿਤੀ 19 ਦਸੰਬਰ, 2020 ਨੂੰ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਮੁਫ਼ਤ ਸਫ਼ਲ ਆਪ੍ਰੇਸ਼ਨ ਕਰਵਾਇਆ ਗਿਆ।
ਜ਼ਿਲਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਆਰ.ਬੀ.ਐਸ.ਕੇ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਇਨਾਂ ਬੱਚਿਆਂ ਦੇ ਮਾਪੇ ਸਿਹਤ ਸੁਵਿਧਾਵਾਂ ਤੋਂ ਬਹੁਤ ਹੀ ਖੁਸ਼ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ। ਉਨਾਂ ਕਿਹਾ ਕਿ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ। ਸੋ ਬੱਚਿਆਂ ਦੀ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੇਅਰ, ਸੁਪੋਰਟ ਅਤੇ ਇਲਾਜ ਤਹਿਤ ਕੀਤੀ ਜਾਂਦੀ ਹੈ।
ਉਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤੁਰੰਤ ਆਰ.ਬੀ.ਐਸ.ਕੇ ਟੀਮਾਂ ਨਾਲ ਸੰਪਰਕ ਕੀਤਾ ਜਾਵੇ। ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਪ੍ਰੀਤ ਬਰਾੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜੇਸ਼ ਅੱਤਰੀ, ਜ਼ਿਲਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਗਿੱਲ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਜੈ ਕੁਮਾਰ (ਆਰ.ਬੀ.ਐਸ.ਕੇ) ਸਟਾਫ਼ ਨਰਸ ਰਾਜਵੰਤ ਕੌਰ, ਆਰ.ਬੀ.ਐਸ.ਕੇ. ਕੋਆਰਡੀਨੇਟਰ ਸੁਖਬੀਰ ਸਿੰਘ, ਜ਼ਿਲਾ ਮੀਡੀਆ ਕੋਆਰਡੀਨੇਟਰ ਅਮਿ੍ਰਤ ਸ਼ਰਮਾ ਹਾਜ਼ਰ ਸਨ।