ਬਿਲਾਸਪੁਰ 9 ਮਈ ( ਜਗਰਾਜ ਗਿੱਲ,ਕੁਲਦੀਪ ਗੋਹਲ ) – ਕੋਰੋਨਾ ਸੰਕਟ ਦੇ ਦਰਮਿਆਨ ਵੀ ਫਾਸ਼ੀਵਾਦੀ ਹੱਲਾ ਸਿਆਸਤ ਸਾਹਿਤ ਤੇ ਜਿੰਦਗੀ ਦੇ ਹਰ ਪਹਿਲੂ ਚ ਜਾਰੀ ਹੈ। ਇਸ ਕੜੀ ਤਹਿਤ ਈ ਪੰਜਾਬੀ ਗਾਇਕ ਰਣਜੀਤ ਬਾਵੇ ਦੇ ਸਮਾਜਿਕ ਨਾ ਬਰਾਬਰੀ ਤੇ ਚੋਟ ਕਰਦੇ ਗੀਤ ” ਮੇਰਾ ਕੀ ਕਸੂਰ”, ਦੇ ਖਿਲਾਫ ਫਾਸ਼ੀਵਾਦੀ ਤਾਕਤਾਂ ਦੇ ਦਬਾਅ ਹੇਠ ਰਣਜੀਤ ਬਾਵੇ ਤੇ ਬੀਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਗੀਤ ਤੇ ਪੈਦਾ ਹੋਏ ਵਿਵਾਦ ਦਰਮਿਆਨ ਸਾਹਿਤ ਸਭਾ ਬਰਨਾਲਾ ਦੀ ਮੈਂਬਰ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਸਾਹਿਤ ਅਕੈਡਮੀ ਪੰਜਾਬ ਵੱਲੋਂ ਸੁਰਿੰਦਰਪਾਲ ਕੌਰ ਇਨਕਲਾਬੀ ਨੌਜ਼ਵਾਨ ਸਭਾ ਦੇ ਆਗੂ ਸਨੀ ਬਾਘਾ ਪੁਰਾਣਾ ਤੇ ਬਲਵਿੰਦਰਜੋਤ ਆਦਿ ਨੇ ਇਸ ਗੀਤ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਗੀਤ ਸਦੀਆਂ ਤੋਂ ਚੱਲੀ ਆ ਰਹੀ ਛੂਆ ਛਾਤ, ਸਮਾਜਿਕ ਨਾ ਬਰਾਬਰੀ ਤੇ ਚੋਟ ਕਰਦਾ ਹੋਇਆ ਪਾਖੰਡਾਂ ਤੇ ਖੋਖਲੇਪਣ ਤੇ ਕਰਾਰੀ ਚੋਟ ਕਰਦਾ ਹੈ, ਗੀਤ ਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ । ਇਸ ਮੌਕੇ ਆਗੂਆਂ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਸਿਆਸੀ ਤੌਰ ਤੇ ਫਾਸ਼ੀਵਾਦੀ ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਵਿਚਾਰਧਾਰਿਕ ਤੌਰ ਤੇ ਬੁੱਧੀਜੀਵੀਆਂ ਵਿਦਿਆਰਥੀ ਨੌਜਵਾਨ ਤੇ ਔਰਤ ਕਾਰਕੁੰਨਾਂ ਨੂੰ ਜੇਲਾਂ ਚ ਸੁੱਟਣ ਤੋਂ ਬਾਅਦ ਸਾਹਿਤ ਦੇ ਖੇਤਰ ਚ ਵੀ ਫਾਸ਼ੀਵਾਦੀ ਮੰਨੂਵਾਦੀ ਜਾਤੀਵਾਦੀ ਮਾਨਸਿਕਤਾ ਦੇ ਲੋਕਾਂ ਵੱਲੋਂ ‘ਮੇਰਾ ਕੀ ਕਸੂਰ ਆ’ ਵਰਗੇ ਗੀਤ ਦੇ ਵਿਰੋਧ ਚ ਨੰਗੇ ਚਿੱਟੇ ਰੂਪ ਚ ਵਿਰੋਧ ਕਰਦੇ ਹੋਏ ਕੋਰੋਨਾ ਵਾਇਰਸ ਨਾਲ ਲੜ ਰਹੇ ਡਾਕਟਰਾਂ ਵਿਗਿਆਨੀਆਂ ਦਾ ਮਨੋਬਲ ਵੀ ਤੋੜ ਰਹੇ ਹਨ ਪਰ ਸੱਚ ਨੂੰ ਸੂਲੀ ਤੇ ਹੱਕ ਨੂੰ ਫਾਂਸੀ ਦੇਣ ਵਾਲੇ ਹਾਕਮਾਂ ਨੇ ਜਿੱਥੇ ਰਣਜੀਤ ਬਾਵੇ ਬੀਰ ਸਿੰਘ ਖਿਲਾਫ ਪਰਚਾ ਦਰਜ ਕਰਨ ਲੱਗਿਆ ਢਿੱਲ ਨਹੀਂ ਵਰਤੀ ਉੱਥੇ ਅਸ਼ੋਕ ਸਾਰੀਨ ਵਰਗੀਆਂ ਖਿਲਾਫ ਦਰਜ਼ ਸ਼ਿਕਾਇਤ ਤੇ ਪੁਲਿਸ ਪ੍ਰਸ਼ਾਸਨ ਨੇ ਘੇਸਲ ਵੱਟ ਰੱਖੀ ਹੈ। ਇਸ ਮੌਕੇ ਆਗੂਆਂ ਨੇ ਰਣਜੀਤ ਬਾਵੇ ਤੇ ਬੀਰ ਸਿੰਘ ਦਾ ਸਮਰਥਨ ਕਰਦੇ ਹੋਏ ਪਰਚਾ ਤੁਰੰਤ ਰੱਦ ਕਰਨ ਤੇ ਅਸ਼ੋਕ ਸਾਰੀਨ ਵਰਗੇ ਜਹਿਰੀਲੇ ਬੋਲ ਬੋਲਣ ਵਾਲੇ ਸੱਜ ਪਿਛਾਖੜੀਆਂ ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਪਰਾਧ ਹਥਿਆਰਾਂ ਤੇ ਨਸ਼ਿਆ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਤੇ ਔਰਤਾਂ ਨੂੰ ਮਹਿਜ ਵਸਤੂ ਵਜੋਂ ਪੇਸ਼ ਕਰਨ ਵਾਲੇ ਲੱਚਰ ਸੱਭਿਆਚਾਰ ਦਾ ਬੋਲਬਾਲਾ ਹੈ ਉੱਥੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਗੀਤ ਨਾਟਕ ਤੇ ਲੋਕ ਪੱਖੀ ਵੰਨਗੀਆਂ ਪੇਸ਼ ਕਰਨ ਵਾਲੇ ਕਲਾਕਾਰਾਂ ਤੇ ਅਜਿਹੀਆਂ ਕੋਝੀਆਂ ਫਾਸ਼ੀਵਾਦ ਤੋਂ ਪ੍ਰੇਰਿਤ ਕਾਰਵਾਈਆਂ ਸ਼ਹਿਣ ਨਹੀਂ ਕੀਤੀਆਂ ਜਾ ਸਕਦੀਆਂ।
https://youtu.be/lPEorBCuWfQ