ਸੇਵਾ ਕੇਂਦਰਾਂ ਤੋਂ ਵੀ ਬਣ ਰਹੇ ਹਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ
ਜ਼ਿਲ੍ਹਾ ਮੋਗਾ ਦੇ ਕਾਮਨ ਸਰਵਿਸ ਸੈਂਟਰਾਂ, ਸਿਵਲ ਅਤੇ 22 ਨਿਜ਼ੀ ਹਸਪਤਾਲਾਂ ਵਿੱਚ ਵੀ ਮਿਲਦੀ ਹੈ ਸਹੂਲਤ
ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਕਰਵਾ ਸਕਦੇ ਹਨ ਮੁਫ਼ਤ ਇਲਾਜ
ਮੋਗਾ, 30 ਜੁਲਾਈ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਇਹ ਕਾਰਡ ਬਣਵਾਉਣੇ ਯਕੀਨੀ ਬਣਾਉਣ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 260 ਤੋਂ ਵਧੇਰੇ ਕਾਮਨ ਸਰਵਿਸ ਸੈਂਟਰ ਚੱਲ ਰਹੇ ਹਨ। ਇਹਨਾਂ ਦੇ ਪ੍ਰਬੰਧਕ ਰੋਜ਼ਾਨਾ ਕਾਰਡ ਬਣਾਉਂਦੇ ਹਨ। ਇਸ ਕਰਕੇ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਵਧੇਰੀ ਜਾਣਕਾਰੀ ਲਈ ਕਾਮਨ ਸਰਵਿਸ ਸੈਂਟਰਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ (9988771415) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਵੀ ਇਹ ਕਾਰਡ ਬਣਵਾ ਸਕਦੇ ਹਨ। ਜਦਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਸਿਵਲ ਹਸਪਤਾਲ ਅਤੇ 22 ਅਧਿਕਾਰਿਤ ਹਸਪਤਾਲਾਂ ਵਿੱਚ ਇਹ ਕਾਰਡ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ।
ਉਨਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨਾਂ ਦੇਰੀ ਇਹ ਕਾਰਡ ਬਣਵਾ ਲੈਣ। ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਕੰਮ ਲਈ ਸਬੰਧਤ ਵਿਭਾਗਾਂ ਨੂੰ ਕੈਂਪ ਲਗਾ ਕੇ ਕਾਰਡ ਬਣਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ।
ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।