ਕੋਟ ਈਸੇ ਖਾਂ 26 ਮਈ (ਜਗਰਾਜ ਲੋਹਾਰਾ) ਗਲਤ ਸੂਚਨਾ ਦੇ ਕੇ ਗਰੀਬਾਂ ਦਾ ਨੀਲੇ ਕਾਰਡਾਂ ਵਾਲਾ ਹੱਕ ਮਾਰਨ ਵਾਲੇ ਅਤੇ ਸਹੀ ਬਣੇ ਕਾਰਡਾਂ ਨੂੰ ਰੱਦ ਕਰਨ ਕਾਰਨ ਲੋਕਾਂ ਦਾ ਗੁੱਸਾ ਅੱਠਵੇਂ ਅਸਮਾਨ ਤੇ ਪਹੁੰਚਿਆ ਹੋਇਆ ਵੇਖਣ ਨੂੰ ਮਿਲ ਰਿਹਾ ਹੈ ।ਹੁਣ ਸਥਾਨਕ ਸ਼ਹਿਰ ਵਿੱਚ ਅਸਰ ਰਸੂਖ ਰੱਖਣ ਵਾਲਿਆਂ ਵੱਲੋਂ ਬਣਾਏ ਗਏ ਨਾਜਾਇਜ਼ ਤੌਰ ਤੇ ਨੀਲੇ ਕਾਰਡ ਅਤੇ ਪਿੱਛੇ ਜਿਹੇ ਨਾਜਾਇਜ਼ ਤੌਰ ਤੇ ਕੱਟੇ ਗਏ ਕਾਰਡਾਂ ਦਾ ਪਰਦਾਫਾਸ਼ ਕਰਨ ਲਈ ਇਥੋਂ ਦੇ ਨੌਜਵਾਨ ਯੂਥ ਕਾਂਗਰਸ ਵਰਕਰ ਅੱਗੇ ਆਇਆ ਹੈ ਜਿਨ੍ਹਾਂ ਵੱਲੋਂ ਕਈ ਅਹਿਮ ਤੱਤ ਪੇਸ਼ ਕਰਦੇ ਹੋਏ ਆਗੂ ਬਿਕਰਮਜੀਤ ਸ਼ਰਮਾ ਨੇ ਦੱਸਿਆ ਕਿ ਉਹ ਇਸ ਵਿਸ਼ੇ ਤੇ ਕਿਸੇ ਇੱਕ
ਪਾਰਟੀ ਦੀ ਗੱਲ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਵੱਲੋਂ ਇਹ ਨਾਜਾਇਜ਼ ਨੀਲੇ ਕਾਰਡ ਬਣਾ ਰੱਖੇ ਹਨ ਬਲਕਿ ਉਨ੍ਹਾਂ ਨੇ ਜੋ ਮੁੱਦਾ ਚੁੱਕਿਆ ਹੈ ਉਹ ਇਹ ਹੈ ਕਿ ਸ਼ਹਿਰ ਵਿੱਚ ਕਈ ਸ਼ਖਸ ਅਜਿਹੇ ਹਨ ਜਿਨ੍ਹਾਂ ਕੋਲ ਗੱਡੀਆਂ ਹਨ, ਘਰੇ ਏ .ਸੀ ਲੱਗੇ ਹੋਏ ਹਨ ,ਟਰੱਕ ਯੂਨੀਅਨ ਦੇ ਮੈਂਬਰ ਤੱਕ ਵੀ ਰਹਿ ਚੁੱਕੇ ਹਨ, ਚੰਗੇ ਕਾਰੋਬਾਰ ਹਨ, ਇੱਥੋਂ ਤੱਕ ਕਿ ਕਈ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਭਰਦੇ ਹਨ ਫਿਰ ਉਨ੍ਹਾਂ ਵੱਲੋਂ ਗ਼ਰੀਬਾਂ ਦਾ ਹੱਕ ਮਾਰ ਕੇ ਅਜਿਹੇ ਨੀਲੇ ਕਾਰਡ ਕਿਉਂ ਬਣਵਾਏ ਗਏ ਹਨ ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਫਿਲਹਾਲ ਉਸ ਕੋਲ ਜੋ ਡਾਟੇ ਇਕੱਠੇ ਕੀਤੇ ਗਏ ਹਨ ਉਸ ਮੁਤਾਬਿਕ ਅੱਧੀ ਦਰਜਨ ਤੋਂ ਵੱਧ ਅਜਿਹੇ ਮਾਮਲੇ ਉਨ੍ਹਾਂ ਕੋਲ ਹਨ ਜੋ ਪਾਰਟੀਆਂ ਵਿੱਚ ਆਪਣਾ ਚੰਗਾ ਅਸਰ ਰੱਖਦੇ ਹਨ ਭਾਵੇਂ ਉਹ ਅਕਾਲੀ ਹੋਣ ਜਾਂ ਕਾਂਗਰਸ ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਹ ਨਾਜਾਇਜ਼ ਕਾਰਡ ਧਾਰਕਾਂ ਦੀ ਗਿਣਤੀ ਤਿੰਨ ਤੋਂ ਚਾਰ ਦਰਜਨ ਦੇ ਵਿੱਚ ਵੀ ਹੋ ਸਕਦੀ ਹੈ ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸਬੰਧੀ ਜਾਂਚ ਕਮੇਟੀ ਬਣਾ ਕੇ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਇਸ ਦੀ ਜਾਂਚ ਕਰਵਾਈ ਜਾਣੀ ਬਣਦੀ ਹੈ ਜਿਸ ਵਿੱਚ ਗਰੀਬਾਂ ਦਾ ਹੱਕ ਮਾਰ ਕੇ ਸਸਤਾ ਰਾਸ਼ਨ ਲੈਣ ਲਈ ਗਲਤ ਸੂਚਨਾ ਦੇ ਆਧਾਰ ਤੇ ਨੀਲੇ ਕਾਰਡ ਬਣਾਈ ਬੈਠੇ ਹਨ ਅਤੇ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇੰਨਾ ਦੀ ਗਲਤ ਢੰਗ ਨਾਲ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮਾਮਲਾ ਹਲਕਾ ਵਿਧਾਇਕ ਦੇ ਦਰਬਾਰ ਤੱਕ ਵੀ ਪਹੁੰਚਦਾ ਕਰ ਦਿੱਤਾ ਗਿਆ ਹੈ ਜਿੱਥੋਂ ਇਹ ਭਰੋਸਾ ਦੁਆਇਆ ਗਿਆ ਹੈ ਕਿ ਲਾਕ ਡਾਉਨ ਤੋਂ ਬਾਅਦ ਗਲਤ ਬਣੇ ਕਾਰਡ ਅਤੇ ਗ਼ਲਤ ਕੱਟੇ ਗਏ ਕਾਰਡਾਂ ਦੀ ਪੂਰੀ ਜਾਂਚ ਹੋਂਦ ਵਿੱਚ ਲਿਆਂਦੀ ਜਾਵੇਗੀ ਤੇ ਹਰੇਕ ਨੂੰ ਪੂਰਾ ਇਨਸਾਫ਼ ਮਿਲੇਗਾ ।