ਮੋਗਾ, 16 ਸਤੰਬਰ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋ ਕੋਵਿਡ-19 ਬਾਰੇ ਫੈਲੀਆਂ ਅਫ਼ਵਾਹਾਂ ਤੋ ਜਾਣੂੰ ਕਰਵਾਉਣ ਲਈ ਇੱਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਮੁਹਿੰਮ ਤਹਿਤ ਲੋਕਾਂ ਤੱਕ ਪਹੁੰਚਾਈ ਜਾਣ ਵਾਲੀ ਪ੍ਰਚਾਰ ਸਮੱਗਰੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਆਪਣੇ ਕੈਪ ਦਫ਼ਤਰ ਤੋ ਜਾਰੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਜਿਸਨੇ ਕਿ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ, ਇਸ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਅੱਜ ਜਰੂਰੀ ਹੈ ਕਿ ਲੋਕ ਆਪਣੀ ਸੈਪਲਿੰਗ ਅਤੇ ਇਲਾਜ ਸਹੀ ਸਮੇ ਤੇ ਕਰਵਾਉਣ। ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕ ਇਸ ਬਿਮਾਰੀ ਬਾਰੇ ਗਲਤ ਅਫ਼ਵਾਹਾਂ ਫੈਲਾਅ ਰਹੇ ਹਨ ਜਿਸ ਨਾਲ ਲੋਕ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਸੈਪਲਿੰਗ ਅਤੇ ਇਲਾਜ ਤੋ ਭੱਜ ਰਹੇ ਹਨ। ਜਿਸਦੇ ਨਤੀਜੇ ਵਜੋ ਸੂਬੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਵਿਭਾਗ ਦੇ ਕਰਮਚਾਰੀ ਨੌਜਵਾਨ ਕਲੱਬਾਂ ਰਾਹੀ ਲੋਕਾਂ ਦੇ ਘਰ ਘਰ ਤੱਕ ਪਹੁੰਚ ਕਰਨਗੇ ਅਤੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਫੈਲੀਆਂ ਅਫ਼ਵਾਹਾਂ ਤੋ ਬਚਣ ਲਈ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਤੀ 20 ਸਤੰਬਰ ਤੱਕ ਪਲਾਨ ਬਣਾਇਆ ਗਿਆ ਹੈ। ਇਸ ਦਿਸ਼ਾ ਵਿੱਚ ਜ਼ਿਲ੍ਹਾ ਮੋਗਾ ਦੀਆਂ ਨੌਜਵਾਨ ਕਲੱਬਾਂ ਵੱਲੋ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ, ਧਾਰਮਿਕ ਆਗੂਆਂ, ਰਾਜਸੀ ਆਗੂਆਂ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਖਿਲਾਫ ਇਸ ਲੜਾਈ ਵਿੱਚ ਸਹਿਯੋਗ ਦੇਣ, ਤਾਂ ਜੋ ਇਸ ਬਿਮਾਰੀ ਨੂੰ ਜੜ੍ਹੋ ਪੁੱਟ ਦਿੱਤਾ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਸ੍ਰੀ ਜਗਦੀਸ਼ ਸਿੰਘ ਰਾਹੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨੌਜਵਾਨਾਂ ਅਤੇ ਕਲੱਬਾਂ ਨਾਲ ਜੂਮ ਐਪ ਰਾਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ਼ੋਸ਼ਲ ਮੀਡੀਆਂ ਉੱਤੇ ਜਾਗਰੂਕਤਾ ਵੀਡੀਓਜ਼ ਕਲਿੱਪਸ ਭੇਜੇ ਜਾ ਰਹੇ ਹਨ, ਕੌਮੀ ਸੇਵਾ ਯੋਜਨਾ ਇਕਾਈਆਂ ਦੇ ਵਲੰਟੀਅਰਾਂ, ਰੈੱਡ ਰਿਬਨ ਕਲੱਬਾਂ ਦੇ ਮੈਬਰਾਂ ਅਤੇ ਸਰਗਰਮ ਯੂਥ ਕਲੱਬਾਂ ਦੇ ਮੈਬਰਾਂ ਦੇ ਸਹਿਯੋਗ ਨਾਲ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਜਾਣਗੇ, ਪ੍ਰਚਾਰ ਸਮੱਗਰੀ ਵੰਡੀ ਜਾਵੇਗੀ। ਇਸ ਤੋ ਇਲਾਵ ਹੋਰ ਵੀ ਕਈ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਗਈਆਂ ਹਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰ. ਬਲਵੰਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਕੇਸ਼ ਮੱਕੜ ਅਤੇ ਹੋਰ ਹਾਜ਼ਰ ਸਨ।