ਮੋਗਾ 6 ਮਈ (ਜਗਰਾਜ ਗਿੱਲ) ਮੋਗਾ ‘ਚ ਅੱਜ 17 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਲਾਲ ਪੈਥ ਲੈਬ ਦੀ ਰਿਪੋਰਟ ਮੁਤਾਬਕ 17 ਹੋਰ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ ਨੂੰ ਸਿਵਲ ਹਸਪਤਾਲ ਮੋਗਾ ਲਿਆਉਣ ਲਈ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕਰੋਨਾ ਟੈਸਟਾਂ ਲਈ ਸਥਾਪਿਤ ਕੀਤੀ ਲੈਬ ’ਤੇ ਟੈਸਟਾਂ ਦੇ ਬੋਝ ਨੂੰ ਦੇਖਦਿਆਂ ਸਰਕਾਰ ਵੱਲੋਂ ਲਾਲ ਪੈਥ ਲੈਬਜ਼ ਨਾਲ ਵੀ ਕਰੋਨਾ ਦੇ ਟੈਸਟ ਕਰਨ ਦਾ ਸਮਝੌਤਾ ਕੀਤਾ ਗਿਆ ਹੈ,ਇਸ ਕਰਕੇ ਉਹਨਾਂ ਵੱਲੋਂ ਭੇਜੇ ਗਏ ਨਤੀਜਿਆਂ ਵਿਚ ਅੱਜ 109 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 17 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ । ਇਸੇ ਤਰਾਂ ਫਰੀਦਕੋਟ ਲੈਬ ਵੱਲੋਂ ਵੀ ਭੇਜੀਆਂ ਰਿਪੋਰਟਾਂ ਮੁਤਾਬਕ 54 ਵਿਅਕਤੀ ਨੈਗੇਟਿਵ ਪਾਏ ਗਏ ਹਨ । ਅੱਜ ਦੇ 17 ਵਿਅਕਤੀਆਂ ਵਿਚੋਂ ਕਈ ਦੌਲੇਵਾਲਾ ਪਿੰਡ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੱਲ ਘਲੋਟੀ ਦੇ ਇਕੋ ਪਰਿਵਾਰ ਦੇ 7 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਸਨ।