ਨਿਹਾਲ ਸਿੰਘ ਵਾਲਾ 10ਅਕਤੂਬਰ (ਮਿੰਟੂ ਖੁਰਮੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਾੜ ਦੀਆਂ ਫ਼ਸਲਾਂ ਅਤੇ ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸਾਂਭ-ਸੰਭਾਲ ਲਈ ਜ਼ਿਲਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਵਿੰਡਸਰ ਗਾਰਡਨ, ਦੁੱਨੇਕੇ ਵਿਖੇਂ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਨੇ ਕੀਤਾ। ਡਾ: ਬਲਜਿੰਦਰ ਸਿੰਘ ਬਰਾੜ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਇਸ ਕੈਂਪ ਦੀ ਪ੍ਰਧਾਨਗੀ ਕੀਤੀ। ਇਸ ਕੈਂਪ ਦਾ ਮੁੱਖ ਮਨੋਰਥ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਬੀਜ ਬਿਜਾਈ ਤੋਂ ਵਢਾਈ ਤੱਕ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਕਿਸਾਨਾਂ ਨੂੰ ਝੋਨੇ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਨਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਆਪਣੇ ਆਪ ਨੂੰ ਕਿਰਤ ਨੂੰ ਸਮਰਪਤ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ, ਉਥੇ ਕੰਮ ਕਰਨ ਨਾਲ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਅਤ ਕਿਸਾਨ ਫ਼ਸਲੀ ਵਿਭਿੰਨਤਾ ਅਪਣਾ ਕੇ ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਣਾ ਸਕਦੇ ਹਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨਾ ਇਹ ਵੀ ਕਿਹਾ ਕਿ ਸਮੂਹ ਕਿਸਾਨ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਕਾਨੂੰਨ ਦੀ ਪਾਲਣਾ ਕਰਨ। ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉੱਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਬਾਬਾ ਗੁਰਮੀਤ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਬਚਪਨ ਤੋਂ ਹੀ ਖੇਤੀ ਧੰਦੇ ਪ੍ਰਤੀ ਮੋਹ ਪੈਦਾ ਕਰਨ ਤਾਂ ਜੋ ਖੇਤੀ ਧੰਦੇ ਨੂੰ ਲਾਹੇਵੰਦ ਬਣਾਇਆ ਜਾ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆਵਾਂ ਤੇ ਅਮਲ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਵੀ ਅਪੀਲ ਕੀਤੀ। ਡਾ: ਬਲਜਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਦੱਸਿਅ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਕਾਰਣ ਪਿਛਲੇ ਸਾਲ ਨਾਲੋ ਇਸ ਸਾਲ ਖਾਦ ਤੇ 300 ਕਰੋੜ ਰੁਪਏ ਘੱਟ ਖਰਚ ਆਇਆ ਹੈ। ਉਨਾ ਕਿਸਾਨਾਂ ਨੂੰ ਆਪਣੀ ਫਸਲ ਨੂੰ ਪ੍ਰੋਸੈਸ ਕਰਕੇ ਵੇਚਣ ਦੀ ਸਲਾਹ ਦਿੱਤੀ। ਇਸ ਕਿਸਾਨ ਸਿਖਲਾਈ ਕੈਂਪ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਜਿਨਾ ਵਿਚ ਡਾ: ਪ੍ਰੇਰਨਾ ਨੇ ਫਲ ਅਤੇ ਸਬਜ਼ੀਆਂ, ਡਾ: ਹਰਸਿਮਰਤ ਕੌਰ ਤੇ ਖੇਤੀ ਅਤੇ ਇਸ ਦੇ ਸਹਾਇਕ ਧੰਦੇ, ਡਾ: ਅਮਨਪ੍ਰੀਤ ਕੌਰ ਨੇ ਹਾੜੀ ਦੀਆਂ ਫਸਲਾਂ ਦੇ ਸੁਚੱਜੇ ਕਾਸ਼ਤਕਾਰੀ ਢੰਗਾਂ ਡਾ:ਹਰਿੰਦਰ ਸਿੰਘ ਨੇ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ, ਡਾ: ਅਰਸ਼ਦੀਪ ਕੌਰ ਨੇ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਸਬੰਧੀ, ਡਾ: ਕੇਸ਼ਵਿੰਦਰ ਸਿੰਘ ਨੇ ਪਸ਼ੂ ਪਾਲਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਡੇਅਰੀ ਦਾ ਧੰਦਾ ਕਿਸਾਨ ਬੀਬੀਆਂ ਦੇ ਸਪੁਰਦ ਕਰਨ ਦਾ ਸੁਨੇਹਾ ਵੀ ਦਿੱਤਾ। ਕੈਂਪ ਵਿਚ ਡਾ: ਨਵਦੀਪ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ, ਡਾ: ਸੁਖ਼ਪਾਲ ਸਿੰਘ ਰਿਟਾ: ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੇ ਖੇਤੀ ਨਾਲ ਸਬੰਧਿਤ ਤੱਥਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ: ਜਸਵਿੰਦਰ ਸਿੰਘ ਬਰਾੜ ਖੇਤੀਬਾੜੀ ਅਫਸਰ, ਡਾ: ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ, ਚਰਨਜੀਤ ਸਿੰਘ ਸਹਾਇਕ ਮੰਡੀ ਅਫਸਰ, ਨਿਰਮਲ ਸਿੰਘ ਮਾਣੂੰਕੇ ਅਤੇ ਚੇਅਰਮੈਨ ਨਗਰ ਸੁਧਾਰ ਟਰਸਟ ਵਿਨੋਦ ਬਾਂਸਲ ਨੇ ਵੀ ਸੰਬੋਧਨ ਕੀਤਾ। ਡਾ: ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਸਮੂਹ ਕਿਸਾਨਾਂ ਦਾ ਕੈਂਪ ਵਿਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਅਤੇ ਵਿਭਾਗੀ ਸਕੀਮਾਂ ਸਬੰਧੀ ਦੱਸਿਆ।
ਇਸ ਕਿਸਾਨ ਕੈਂਪ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ, ਸੈਲਫ ਹੈਲਪ ਗਰੁੱਪਾਂ, ਅਲਾਈਡ ਵਿਭਾਗਾਂ ਅਤੇ ਕਿਸਾਨਾਂ ਦੁਆਰਾ ਵਿਸ਼ਾਲ ਖੇਤੀ ਸੰਦਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਨੂੰ ਕਿਸਾਨਾਂ ਨੇ ਬੜੇ ਹੀ ਉਤਸ਼ਾਹ ਨਾਲ ਵੇਖਿਆ। ਇਸ ਕਿਸਾਨ ਸਿਖਲਾਈ ਕੈਂਪ ਵਿੱਚ ਜ਼ਿਲਾ ਭਰ ਵਿਚੋਂ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਿਤ ਵਿਭਾਗਾਂ ਦਾ ਸਟਾਫ਼, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੁੱਚਾ ਸਟਾਫ਼ ਜਿਸ ਵਿਚ ਡਾ: ਰਾਮ ਸਿੰਘ ਖੇਤੀਬਾੜੀ ਅਫਸਰ, ਡਾ: ਗੁਰਪ੍ਰੀਤ ਸਿੰਘ, ਡਾ: ਜਰਨੈਲ ਸਿੰਘ, ਡਾ: ਹਰਨੇਕ ਸਿੰਘ, ਡਾ: ਕੁਲਦੀਪ ਸਿੰਘ, ਡਾ: ਸੁਖਦੇਵ ਸਿੰਘ, ਡਾ: ਸੁਖਰਾਜ ਕੌਰ, ਡਾ: ਅਮਰਜੀਤ ਸਿੰਘ, ਡਾ: ਗੁਰਬਾਜ ਸਿੰਘ, ਡਾ: ਗੁਰਪ੍ਰੀਤ ਸਿੰਘ, ਡਾ: ਧਰਮਵੀਰ ਸਿੰਘ, ਡਾ: ਤਰਨਜੀਤ ਸਿੰਘ, ਡਾ: ਰਾਜਵਿੰਦਰ ਸਿੰਘ, ਡਾ: ਬਲਜਿੰਦਰ ਸਿੰਘ, ਡਾ: ਦਵਿੰਦਰ ਸਿੰਘ, ਡਾ: ਸਤਵਿੰਦਰ ਸਿੰਘ ਡਾ: ਤਪਤੇਜ ਸਿੰਘ, ਡਾ: ਰਾਜਸਰੂਪ ਸਿੰਘ, ਬਹਾਦਰ ਸਿੰਘ ਸੈਦੋਕੇ, ਜਗਮੋਹਣ ਸਿੰਘ ਸੈਦੋਕੇ ਅਤੇ ਆਤਮਾ ਦਾ ਸਮੂਹ ਸਟਾਫ਼ ਹਾਜ਼ਰ ਸੀ। ਸਟੇਜ ਦਾ ਸੰਚਾਲਨ ਡਾ: ਕੁਲਦੀਪ ਸਿੰਘ ਨੇ ਬਾਖੂਬੀ ਨਿਭਾਇਆ।