ਮੋਗਾ 2 ਮਈ (ਜਗਰਾਜ ਗਿੱਲ): ਕੋਰੋਨਾ ਦੇ ਕਹਿਰ ਕਾਰਨ ਪਹਿਲਾਂ ਤੋਂ ਹੀ ਸਹਿਮ ਦੇ ਮਾਹੌਲ ‘ਚ ਬੈਠੇ ਮੋਗਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ ‘ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ। ਕੋਰੋਨਾ ਤੋਂ ਬਾਲ-ਬਾਲ ਬਚੇ ਆ ਰਹੇ ਸ਼ਹਿਰ ਮੋਗਾ ਦਾ ਆਂਕੜਾ ਜਿੱਥੇ ਪਹਿਲਾਂ ਸਿਰਫ 2 ਸੀ ਉਹ ਅੱਜ ਇੱਕ ਦਮ ਵੱਧ ਕੇ 24 ਹੋ ਗਿਆ ਹੈ। ਸ੍ਰੀ ਨੰਦੇੜ ਸਾਹਿਬ ਤੋਂ ਪਰਤੇ ਲੋਕਾਂ ਨੂੰ ਹਾਲ ਦੀ ਘੜੀ ਅਰਜ਼ੀ ਤੌਰ ‘ਤੇ ਬਣਾਏ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ ਪਰ ਉਨ੍ਹਾਂ ਨੂੰ ਹਸਪਤਾਲ ‘ਚ ਸ਼ਿਫਟ ਕਰਨ ਲਈ ਪ੍ਰਸ਼ਾਸਨ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ । ਮੋਗਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਉਸ ਸਮੇਂ ਭਾਰੀ ਵਾਧਾ ਹੋਇਆ ਜਦੋਂ ਅੱਜ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਆਈਆਂ ਰਿਪੋਰਟਾਂ ਮੁਤਾਬਿਕ 17 ਵਿਅਕਤੀ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ, ਉਨ੍ਹਾਂ ਦੀ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਇਸ ਤੋਂ ਪਹਿਲਾਂ 1 ਵਿਅਕਤੀ ਜੋ ਹਜ਼ੂਰ ਸਾਹਿਬ ਦੇ ਜੱਥੇ ‘ਚ ਸ਼ਾਮਲ ਸੀ ਕਰੋਨਾ ਪੀੜਤ ਪਾਇਆ ਗਿਆ ਸੀ। ਇੰਜ ਹਜ਼ੂਰ ਸਾਹਿਬ ਨਾਲ ਸਬੰਧਤ ਕਰੋਨਾ ਪੀੜਤ ਵਿਅਕਤੀਆਂ ਦੀ ਕੁੱਲ ਗਿਣਤੀ 18 ਹੋ ਗਈ ਹੈ । ਜ਼ਿਕਰਯੋਗ ਹੈ ਕਿ ਹਜ਼ੂਰ ਸਾਹਿਬ ਨਾਲ ਸਬੰਧਤ ਸਾਰੇ ਵਿਅਕਤੀਆਂ ਨੂੰ ਮੋਗਾ ਦੇ ਪਿੰਡ ਜਲਾਲਾਬਾਦ ਦੇ ਨਿੱਜੀ ਕਾਲਜ ਵਿਚ ਆਈਸੋਲੇਟ ਕੀਤਾ ਹੋਇਆ ਹੈ । ਅੱਜ ਪਾਏ ਗਏ ਕਰੋਨਾ ਪੀੜਤ 17 ਵਿਅਕਤੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਉਹਨਾਂ ਦਾ ਇਲਾਜ ਆਰੰਭਿਆ ਜਾ ਸਕੇ।
ਸਿਹਤ ਵਿਭਾਗ ਲਈ ਵੀ ਦੁਖਦਾਈ ਖਬਰ ਹੈ ਕਿ ਮੋਗਾ ਦੇ ਪਿੰਡ ਚੂਹੜਚੱਕ ਦੀਆਂ 4 ਆਸ਼ਾ ਵਰਕਰਾਂ ਵੀ ਕਰੋਨਾ ਪਾਜ਼ਿਟਿਵ ਪਾਈਆਂ ਗਈਆਂ ਹਨ ।
ਇਸ ਤੋਂ ਇਲਾਵਾ ਇਕ ਵਿਅਕਤੀ ਜੋ ਦੁਬਈ ਤੋਂ ਦੋ ਮਹੀਨੇ ਪਹਿਲਾਂ ਪਰਤਿਆ ਸੀ ਤੇ ਹੁਣ ਉਸ ਨੇ ਵਾਪਸ ਜਾਣਾ ਸੀ ਤੇ ਉਸ ਨੇ ਰੁਟੀਨ ਵਿਚ ਆਪਣਾ ਚੈੱਕਅਪ ਕਰਵਾਇਆ ਤਾਂ ਉਸ ਦੀ ਵੀ ਰਿਪੋਰਟ ਪਾਜ਼ਿਟਿਵ ਆਈ ਹੈ।
ਸਰਕਾਰੀ ਹਸਪਤਾਲ ਵਿਚ ਕਰੋਨਾ ਦੇ ਨੋਡਲ ਅਫਸਰ ਡਾ: ਨਰੇਸ਼ ਕੁਮਾਰ ਨੇ ‘ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਵਿਚ ਅੱਜ ਦੁਪਹਿਰ ਤੱਕ ਕਰੋਨਾ ਪਾਜ਼ਿਟਿਵ ਵਿਅਕਤੀਆਂ ਦੀ ਗਿਣਤੀ 23 ਹੋ ਗਈ ਹੈ।
ਇਸ ਸਬੰਧੀ ਸਹਾਇਕ ਸਿਵਲ ਸਰਜਨ ਡਾ.ਜਸਵੰਤ ਸਿੰਘ ਨੇ ਦੱਸਿਆ ਕੁੱਲ 903 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ 529 ਨੈਗੇਟਿਵ ਪਾਏ ਗਏ ਤੇ 337 ਸੈਂਪਲਾਂ ਦੀ ਉਡੀਕ ਕੀਤੀ ਜਾ ਰਹੀ ਹੈ