ਨਿਹਾਲ ਸਿੰਘ ਵਾਲਾ 14 ਅਕਤੂਬਰ (ਮਿੰਟੂ ਖੁਰਮੀ) ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਆਈ.ਐਸ.ਐਫ਼ ਕਾਲਜ ਘੱਲ ਕਲਾਂ, ਜੀ.ਟੀ.ਰੋਡ ਮੋਗਾ ਨੇੜੇ ਖਾਲੀ ਜਗਾ ਵਿਖੇ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣ ਲਈ ਲਗਾਤਾਰ 3 ਦਿਨ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਨੇ ਅੱਜ ਆਪਣੇ ਦਫ਼ਤਰ ਵਿਖੇ ਇਸ ਪ੍ਰੋਗਰਾਮ ਬਾਰੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਆਈ.ਐਸ.ਐਫ਼ ਕਾਲਜ ਘੱਲ ਕਲਾਂ, ਜੀ.ਟੀ.ਰੋਡ ਮੋਗਾ ਨੇੜੇ ਖਾਲੀ ਜਗਾ ਵਿਖੇ 19 ਤੋਂ 21 ਅਕਤੂਬਰ ਤੱਕ ਡਿਜੀਟਲ ਅਜਾਇਬਘਰ ਸਥਾਪਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਵੇਖਣ ਲਈ ਸਵੇਰੇ 6:30 ਤੋਂ ਸ਼ਾਮ 6:00 ਵਜੇ ਤੱਕ ਖੁੱਲਾ ਰਹੇਗਾ। ਇਸ ਮੀਟਿੰਗ ਵਿੱਚ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਡਿਜ਼ੀਟਲ ਅਜਾਇਬ ਘਰ ਲਗਾਤਾਰ 3 ਦਿਨ ਲੋਕਾਂ ਲਈ ਖੁੱਲ੍ਹਾ ਰਹੇਗਾ, ਉੱਥੇ ਦੂਜੇ ਅਤੇ ਤੀਜੇ ਦਿਨ 20 ਅਤੇ 21 ਅਕਤੂਬਰ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਝਾਤ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਦੇ ਦੋ-ਦੋ ਸ਼ੋਅ ਸ਼ਾਮ 7:00 ਵਜੇ ਤੋਂ 7:45 ਵਜੇ ਤੱਕ ਅਤੇ 8:30 ਵਜੇ ਤੋਂ 9:15 ਵਜੇ ਤੱਕ ਵਿਖਾਏ ਜਾਣਗੇ। ਉਨ੍ਹਾਂ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਸਬੰਧੀ ਪ੍ਰਬੰਧ ਕਾਰਜ ਸਮੇਂ ਸਿਰ ਨੇਪਰੇ ਚਾੜਨ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਕਿਸੇ ਵੀ ਐਮਰਜੈਸੀ ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਅਤੇ ਐਬੂਲੈਸ ਫਾਈਰ ਬ੍ਰੀਗੇਡ ਆਦਿ ਸੇਵਾਵਾਂ ਪ੍ਰਦਾਨ ਕਰਨ ਦੀ ਵੀ ਹਦਾਇਤ ਕੀਤੀ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫਾਗਿੰਗ ਕਰਨ ਦੀ ਵੀ ਹਦਾਇਤ ਕੀਤੀ। ਜ਼ਿਲ੍ਹਾ ਮੰਡੀ ਅਫ਼ਸਰ ਵੱਲੋ ਪੀਣ ਵਾਲੇ ਪਾਣੀ ਦੇ ਪੁਖਤੇ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਹਨਾ ਦੱਸਿਆ ਕਿ ਸ਼ੋਅ ਦੌਰਾਨ ਪਾਰਕਿੰਗ ਦੀ ਵੱਧ ਤੋ ਵੱਧ ਸੁਵਿਧਾ ਦਿੱਤੀ ਗਈ ਹੈ ਅਤੇ ਪੁਲਿਸ ਵਿਭਾਗ ਨੂੰ ਟ੍ਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਨਾ ਹੋਣ ਦੀ ਵੀ ਹਦਾਇਤ ਕੀਤੀ। ਅਤੇ ਵਿਕਾਸ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਅਤੇ ਸਕੂਲੀ ਬੱਚੇ ਸਮੇਤ ਪ੍ਰਾਈਵੇਟ ਸਕੂਲ ਦੀ ਇਸ ਸ਼ੋਅ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿੱਚ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਜੇ.ਐਸ. ਚਾਹਲ, ਉਪ ਜ਼ਿਲਾ ਸਿੱਖਿਆ ਅਫ਼ਸਰ (ਸੈ) ਰਕੇਸ਼ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ ਪਾਵਰਕਾਮ ਡੀ.ਐਸ. ਤੂਰ ਅਤੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਆਦਿ ਹਾਜ਼ਰ ਸਨ।