ਬਿਨੈਕਾਰਾਂ ਨੂੰ ਸਲਾਟ ਦੀ ਉਪਲਬੱਧਤਾ www.passportindia.gov.in ’ਤੇ ਚੈਕ ਕਰਨ ਦਾ ਸੱਦਾ
ਮੋਗਾ, 15 ਜੂਨ (ਜਗਰਾਜ ਸਿੰਘ ਗਿੱਲ)
ਰਿਜ਼ਨਲ ਪਾਸਪੋਰਟ ਅਫ਼ਸਰ, ਜਲੰਧਰ ਯਸ਼ਪਾਲ ਨੇ ਦੱਸਿਆ ਕਿ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ (ਪੀਓਪੀਐਸਕੇ) ਮੋਗਾ ਵਿਖੇ ਬਿਨੈਕਾਰਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਪਾਸਪੋਰਟ ਬਿਨੈਪੱਤਰ (ਨਵੇਂ ਅਤੇ ਰੀਨਿਊ) ਦਾ ਕੋਟਾ ਪ੍ਰਤੀ ਦਿਨ 60 ਤੋਂ ਵਧਾ ਕੇ 80 ਸਲਾਟ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਰਿਜ਼ਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਤੀ ਦਿਨ 60 ਅਪਾਇੰਮੈਂਟ ਦਾ ਕੋਟਾ ਸੀ ਜਦਕਿ ਇਸ ਦੀ ਮੰਗ ਬਹੁਤ ਜ਼ਿਆਦਾ ਸੀ ਅਤੇ ਇਸ ਸੇਵਾ ਦੀ ਵਧੀ ਹੋਈ ਮੰਗ ਨੂੰ ਦੇਖਦਿਆਂ ਰਿਜਨਲ ਪਾਸਪੋਰਟ ਦਫ਼ਤਰ ਜਲੰਧਰ ਵਲੋਂ ਪਾਸਪੋਰਟ ਸੇਵਾਵਾਂ ਵਿੱਚ ਵਾਧਾ ਕਰਨ ਲਈ ਐਮਈਏ ਨੂੰ ਬੇਨਤੀ ਕੀਤੀ ਗਈ, ਜਿਸ ਨੂੰ ਸਵਿਕਾਰ ਕਰਦਿਆਂ ਇਸ ਦੇ ਵਿੱਚ 20 ਨਵੇਂ ਸਲਾਟ ਦਾ ਵਾਧਾ ਕੀਤਾ ਗਿਆ।
ਪਾਸਪੋਰਟ ਸਬੰਧੀ ਬਹਿਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਯਸ਼ਪਾਲ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲੰਧਰ ਦਫ਼ਤਰ ਵਲੋਂ ਪਹਿਲਾਂ ਹੀ ਅਜਿਹੇ ਕਈ ਉਪਰਾਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿਨੈਕਾਰ ਆਨਲਾਈਨ ਅਦਾਇਗੀ ਅਤੇ ਅਪਲਾਈ ਕਰਨ ਤੋਂ ਬਾਅਦ ਸਿੱਧੇ ਹੀ www.passportindia.gov.in ’ਤੇ ਪਾਸਪੋਰਟ ਅਤੇ ਪੀਸੀਸੀ ਅਪਾਇੰਮੈਂਟ ਚੈਕ ਅਤੇ ਬੁੱਕ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਲਈ ਕਿਸੇ ਵਿਚੋਲੀਏ ਨਾਲ ਸਲਾਹ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪਾਸਪੋਰਟ ਦਫ਼ਤਰ ਵਲੋਂ ਅਜਿਹੀ ਕਿਸੇ ਵੀ ਸੰਸਥਾ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਪਾਸਪੋਰਟ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਦਾ ਵਾਅਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਉਹ ਸਿੱਧੇ ਤੌਰ ’ਤੇ ਅਧਿਕਾਰਤ ਪੋਰਟਲ ਰਾਹੀਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।