ਮੋਗਾ, 25 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਬਹਾਲ ਹੋਣ ਨਾਲ ਰੇਲਵੇ ਸਟੇਸ਼ਨਾਂ ਦੇ ਅੰਦਰ ਅਤੇ ਬਾਹਰ ਮੁੜ੍ਹ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ। ਇਸ ਨਾਲ ਆਮ ਲੋਕਾਂ ਨੂੰ ਤਾਂ ਫਾਇਦਾ ਹੋਇਆ ਹੀ ਹੈ ਇਸ ਦੇ ਨਾਲ ਹੀ ਮਜਦੂਰਾਂ ਅਤੇ ਦੁਕਾਨਦਾਰਾਂ ਨੂੰ ਵੀ ਉਹਨਾਂ ਦੇ ਕਾਰੋਬਾਰ ਮੁੜ੍ਹ ਲੀਹ ਉਤੇ ਆਉਣ ਦੀ ਆਸ ਬੱਝ ਗਈ ਹੈ।ਰੇਲਵੇ ਸਟੇਸ਼ਨ ਮੋਗਾ ਦਾ ਦੌਰਾ ਕਰਨ ਉੱਤੇ ਦੇਖਿਆ ਕਿ ਪਿਛਲੇ ਦੋ ਮਹੀਨੇ ਤੋਂ ਜਿੱਥੇ ਏਥੇ ਅਜੀਬ ਤਰ੍ਹਾਂ ਦੀ ਚੁੱਪ ਪਸਰੀ ਹੋਈ ਸੀ ਉਥੇ ਅੱਜ ਇਕ ਵਾਰ ਫੇਰ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਸੀ। ਇਕ ਪਾਸੇ ਏਥੇ ਮਜਦੂਰੀ ਕਰਨ ਵਾਲੇ ਲੋਕ ਰੇਲਵੇ ਲਾਈਨਾਂ ਦੀ ਸਫਾਈ ਅਤੇ ਮਾਲ ਗੱਡੀਆਂ ਦੀ ਲੋਡਿੰਗ ਅਨਲੋਡਿੰਗ ਕਰਨ ਵਿੱਚ ਰੁੱਝੇ ਹੋਏ ਸਨ ਉਥੇ ਹੀ ਦੁਕਾਨਦਾਰ ਵੀ ਖੁਸ਼ ਨਜ਼ਰ ਆ ਰਹੇ ਸਨ।ਇਸ ਮੌਕੇ ਹਾਜ਼ਰ ਮਜਦੂਰਾਂ ਜਗਤਾਰ ਸਿੰਘ ਡਰੋਲੀ ਭਾਈ, ਕੀਰਤ ਸਿੰਘ ਘੱਲ ਕਲਾਂ, ਬੂਟਾ ਸਿੰਘ ਮਹੇਸਰੀ ਸੰਧੂਆਂ, ਜਗਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਬੰਦ ਹੋਈ ਸੀ ਉਦੋਂ ਤੋਂ ਹੀ ਉਹ ਬੇਰੁਜ਼ਗਾਰ ਹੋਏ ਬੈਠੇ ਸਨ। ਕੰਮ ਨਾ ਮਿਲਣ ਕਾਰਨ ਉਹਨਾਂ ਨੂੰ ਆਪਣਾ ਘਰ ਚਲਾਉਣਾ ਅਤੇ ਪਰਿਵਾਰ ਪਾਲਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਪਰ ਹੁਣ ਰੇਲਾਂ ਮੁੜ੍ਹ ਚੱਲਣ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ।
ਇਸੇ ਤਰ੍ਹਾਂ ਰੇਲਵੇ ਸਟੇਸ਼ਨ ਉੱਤੇ ਚਾਹ ਦੀ ਦੁਕਾਨ ਕਰਨ ਵਾਲੇ ਇਕ ਦੁਕਾਨਦਾਰ ਬਲਵਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਉਹ ਇਸ ਸਟੇਸ਼ਨ ਉੱਤੇ ਛੋਟੀ ਜਿਹੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ। ਪਹਿਲਾਂ ਤਾਲਾਬੰਦੀ ਅਤੇ ਹੁਣ ਕਿਸਾਨ ਸੰਘਰਸ਼ ਕਾਰਨ ਉਸਦਾ ਰੋਜ਼ਗਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਪਰ ਹੁਣ ਰੇਲਾਂ ਦੇ ਦੁਬਾਰਾ ਚੱਲਣ ਨਾਲ ਉਸਦੀ ਦੁਕਾਨ ਵੀ ਦੁਬਾਰਾ ਸ਼ੁਰੂ ਹੋ ਗਈ ਹੈ। ਉਹਨਾਂ ਸਰਕਾਰ ਨੂੰ ਅਤੇ ਹੋਰ ਧਿਰਾਂ ਨੂੰ ਅਪੀਲ ਕੀਤੀ ਕਿ ਹੁਣ ਰੇਲਾਂ ਦੀ ਆਵਾਜਾਈ ਰੁਕਣ ਨਾ ਦਿੱਤੀ ਜਾਵੇ ਕਿਉਂਕਿ ਨਹੀਂ ਤਾਂ ਉਹਨਾਂ ਨੂੰ ਫਿਰ ਬੇਰੁਜ਼ਗਾਰ ਹੋਣਾ ਪਵੇਗਾ।ਉਕਤ ਮਜਦੂਰਾਂ ਅਤੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ, ਖਾਸ ਤੌਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਨੇ ਲਗਾਤਾਰ ਯਤਨ ਕਰਕੇ ਰੇਲਾਂ ਦੀ ਆਵਾਜਾਈ ਮੁੜ੍ਹ ਬਹਾਲ ਕਰਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਜਾਰੀ ਰੱਖੀ।