ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜ੍ਹਤ ਸੀ ਕਰਨ, ਮੁਫ਼ਤ ਸਰਕਾਰੀ ਇਲਾਜ ਤੋਂ ਬਾਅਦ ਬਤੀਤ ਕਰ ਰਿਹੈ ਨਿਰੋਗ ਜਿੰਦਗੀ
–ਕਰਨ ਦੇ ਪਿਤਾ ਨੇ ਕਿਹਾ, ਇਲਾਜ ਉੱਪਰ ਲੱਗਣ ਵਾਲੇ ਲੱਖਾਂ ਰੁਪਏ ਦੀ ਵੀ ਹੋਈ ਬੱਚਤ
ਮੋਗਾ, 10 ਮਈ (ਜਗਰਾਜ ਸਿੰਘ ਗਿੱਲ)
ਸਰਕਾਰ ਦੀ ਆਰ.ਬੀ.ਐਸ.ਕੇ. ਸਕੀਮ ਹੋਰਨਾਂ ਲੋੜਵੰਦ ਬੱਚਿਆਂ ਵਾਂਗ ਮੋਗਾ ਦੇ ਛੇ ਸਾਲਾ ਬੱਚੇ ਕਰਨ ਲਈ ਵੀ ਵਰਦਾਨ ਸਾਬਿਤ ਹੋਈ। ਸਿਹਤ ਵਿਭਾਗ ਨੂੰ ਉਸਦੇ ਮੈਡੀਕਲ ਮੁਆਇਨੇ ਦੌਰਾਨ ਪਤਾ ਲੱਗਾ ਕਿ ਬੱਚਾ ਕੋਈ ਜਮਾਂਦਰੂ ਦਿਲ ਦੀ ਬਿਮਾਰੀ ਨਾਲ ਪੀੜਤ ਹੈ। ਸਿਹਤ ਟੀਮ ਨੇ ਆਰ.ਬੀ.ਐਸ.ਕੇ. ਪ੍ਰੋਗਰਾਮ ਤਹਿਤ ਉਸਦੇ ਦਿਲ ਦਾ ਮੁਫ਼ਤ ਆਪ੍ਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ ਤੋਂ ਸਫ਼ਲਤਾਪੂਰਵਕ ਕਰਵਾਇਆ।
ਛੇ ਸਾਲ ਦਾ ਕਰਨ, ਮੋਗਾ ਦੇ ਜੁਝਾਰ ਨਗਰ ਦੇ ਰਹਿਣ ਵਾਲੇ ਪੱਪੂ ਦਾ ਬੇਟਾ ਹੈ। ਉਸਦੇ ਪਿਤਾ ਨੇ ਦੱਸਿਆ ਕਿ ਸਕੀਮ ਤਹਿਤ ਉਸਦੇ ਬੱਚੇ ਦਾ ਮੁਫ਼ਤ ਆਪ੍ਰੇਸ਼ਨ ਹੋਣ ਨਾਲ ਬੱਚੇ ਨੂੰ ਗੰਭੀਰ ਬਿਮਾਰੀ ਤੋਂ ਤਾਂ ਰਾਹਤ ਮਿਲੀ ਹੀ ਹੈ ਨਾਲ ਹੀ ਉਨ੍ਹਾਂ ਦੇ ਇਸ ਮੁਹਿੰਗੇ ਆਪ੍ਰੇਸ਼ਨ ਉੱਪਰ ਹੋਣ ਵਾਲੇ ਖਰਚੇ ਦੀ ਵੀ ਬੱਚਤ ਹੋਈ ਹੈ। ਉਸਨੇ ਕਿਹਾ ਕਿ ਉਹ ਆਪਣੇ ਬੇਟੇ ਦਾ ਇਹ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਉਨ੍ਹਾਂ ਕਿਹਾ ਕਿ ਇੱਕ ਵੀ ਪੈਸਾ ਦਿੱਤੇ ਬਿਨ੍ਹਾਂ ਉਸਦਾ ਬੇਟਾ ਹੁਣ ਨਿਰੋਗ ਜਿੰਦਗੀ ਬਤੀਤ ਕਰ ਰਿਹਾ ਹੈ।
ਜਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ 0 ਤੋਂ 18 ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ। ਜੇਕਰ ਇਸ ਸਿਹਤ ਜਾਂਚ ਵਿੱਚ ਟੀਮ ਨੂੰ ਬੱਚੇ ਵਿੱਚ ਕੋਈ ਗੰਭੀਰ ਬਿਮਾਰੀ ਪਾਈ ਜਾਂਦੀ ਹੈ ਤਾਂ ਉਸਦਾ ਇਲਾਜ ਮੁਫ਼ਤ ਵਿੱਚ ਕਰਵਾ ਕੇ ਦਿੱਤਾ ਜਾਂਦਾ ਹੈ।
ਸਿਵਲ ਸਰਜਨ ਮੋਗਾ ਡਾ. ਰਾਜੇਸ਼ ਕੁਮਾਰ ਅੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੀਆਂ ਹਦਾਇਤਾਂ ਤਹਿਤ ਬੱਚਿਆਂ ਨੂੰ ਸਰਕਾਰ ਦੀ ਆਰ.ਬੀ.ਐਸ.ਕੇ. ਸਕੀਮ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਦਿਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੀਕਾਕਾਰਨ ਅਫ਼ਸਰ ਡਾ. ਅਸ਼ੋਕ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਪ੍ਰੀਤ ਸਿੰਘ ਬਰਾੜ ਦੀ ਇਸ ਪ੍ਰੋਗਰਾਮ ਜਰੀਏ ਕਰਨ ਨੂੰ ਲਾਭ ਦਿਵਾਉਣ ਵਿੱਚ ਵਿਸ਼ੇਸ਼ ਅਗਵਾਈ ਰਹੀ।
ਸਿਵਲ ਸਰਜਨ ਮੋਗਾ ਡਾ. ਰਾਜੇਸ਼ ਕੁਮਾਰ ਅੱਤਰੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਸੰਭਵ ਹੈ ।