ਬੰਦ ਪਏ ਫਰੰਟ ਦਫ਼ਤਰ ਵੀ ਹੁਣ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ-ਬਗੀਚਾ ਸਿੰਘ
ਮੋਗਾ, 11 ਜਨਵਰੀ (ਜਗਰਾਜ ਸਿੰਘ ਗਿੱਲ)
ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਮੁਨੀਸ਼ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਾਹਾਂਮਾਰੀ ਕਰਕੇ ਅਦਾਲਤਾਂ ਵਿਚ ਆਮ ਕੇਸਾਂ ਦੀ ਸੁਣਵਾਈ ਦਾ ਕੰਮ ਵਰਚੁਅਲ ਕੋਰਟਸ ਰਾਹੀਂ ਕਰ ਦਿੱਤਾ ਗਿਆ ਸੀ, ਪਰ ਹੁਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਜ਼ਿਲ੍ਹਾ ਅਦਾਲਤਾਂ, ਸਬ ਡਵੀਜ਼ਨ ਨਿਹਾਲ ਸਿੰਘ ਵਾਲਾ, ਸਬ ਡਵੀਜ਼ਨ ਬਾਘਾ ਪੁਰਾਣਾ ਵਿਖੇ ਕੇਸਾ ਦੀ ਸੁਣਵਾਈ ਦਾ ਕੰਮ ਆਮ ਵਾਂਗ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਆਮ ਜਨਤਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੰਨ੍ਹਾਂ ਲੋਕਾਂ ਦੇ ਕੇਸ ਇਨ੍ਹਾਂ ਅਦਾਲਤਾਂ ਵਿਖੇ ਚੱਲ ਰਹੇ ਹਨ, ਉਹ ਆਪਣੇ ਕੇਸਾਂ ਦੀ ਅਗਲੀ ਕਾਰਵਾਈ ਲਈ ਆਪਣੇ ਵਕੀਲਾਂ ਨੂੰ ਮਿਲ ਕੇ ਅਗਲੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਹੁਣ ਪਹਿਲਾਂ ਵਾਂਗ ਲੋਕ ਆਪਣੇ ਕੇਸਾਂ ਦੀ ਤਰੀਕ ਵਿਚ ਸੰਬਧਤ ਅਦਾਲਤ ਵਿਚ ਪੇਸ਼ ਹੋ ਸਕਦੇ ਹਨ।
ਇਸ ਤੋਂ ਇਲਾਵਾ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਗੀਚਾ ਸਿੰਘ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਜ਼ਿਲ੍ਹਾ ਅਦਾਲਤਾਂ, ਮੋਗਾ ਵਿਖੇ ਸਥਿਤ ਫਰੰਟ ਅਫਿਸ ਨੂੰ ਵੀ ਬੰਦ ਕਰ ਦਿਤਾ ਗਿਆ ਸੀ, ਪਰ ਹੁਣ ਫਰੰਟ ਆਫਿਸ, ਮੋਗਾ ਨੂੰ ਵੀ ਖੋਲ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਜ਼ਰੂਰਮੰਦ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੀ ਜ਼ਰੂਰਤ ਹੈ ਤਾਂ ਉਹ ਵਿਅਕਤੀ ਇਸ ਫਰੰਟ ਆਫਿਸ, ਮੋਗਾ ਵਿਖੇ ਪਹੁੰਚ ਕੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।