ਜ਼ਿਲ੍ਹਾ ਮੋਗਾ ਵਿੱਚ ਹਥਿਆਰ ਲੈ ਕੇ ਚੱਲਣ ‘ਤੇ ਪਾਬੰਦੀ
ਮੋਗਾ, 23 ਸਤੰਬਰ (ਜਗਰਾਜ ਗਿੱਲ, ਮਨਪ੍ਰੀਤ ਮੋਗਾ)
ਸੂਬੇ ਭਰ ਵਿੱਚ ‘ਪਗੜੀ ਸੰਭਾਲ ਜੱਟਾ ਲਹਿਰ’ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ, ਆੜ੍ਹਤੀਆਂ, ਮਜ਼ਦੂਰ ਅਤੇ ਵਿਦਿਆਰਥੀ ਯੂਨੀਅਨਾਂ ਵੱਲੋ ਮਿਤੀ 24 ਸਤੰਬਰ ਤੋ 26 ਸਤੰਬਰ ਤੱਕ 48 ਘੰਟਿਆਂ ਲਈ ਉਲੀਕੇ ਰੇਲ ਆਵਾਜਾਈ ਨੂੰ ਰੋਕਣ ਅਤੇ ਪੰਜਾਬ ਬੰਦ ਦੇ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮੋਗਾ ਵਿੱਚ ਮਿਤੀ 24 ਸਤੰਬਰ ਤੋ 26 ਸਤੰਬਰ 2020 ਤੱਕ ਹਰ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣ ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਜਾਰੀ ਪਾਬੰਦੀ ਹੁਕਮਾਂ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਲਾਈਸੰਸੀ ਅਸਲਾ, ਤੇਜ਼ਧਾਰ ਹਥਿਆਰ (ਕਿਰਪਾਨ, ਬਰਛਾ, ਗੰਡਾਸਾ ਵਗੈਰਾ) ਅਤੇ ਡਾਂਗਾ ਲੈ ਕੇ ਚੱਲਣ ਅਤੇ ਇਨ੍ਹਾਂ ਦੇ ਪ੍ਰਦਰਸ਼ਨ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ੍ਰੀ ਹੰਸ ਨੇ ਸਪੱਸ਼ਟ ਕੀਤਾ ਕਿ ਇਹ ਹੁਕਮ ਫੌਜ਼, ਪੁਲਿਸ, ਹੋਮਗਾਰਡ ਜਾਂ ਸੈਟਰਲ ਆਰਮਡ ਪੁਲਿਸ ਫੋਰਸ ਕਰਮਚਾਰੀਆਂ, ਜਿੰਨ੍ਹਾਂ ਪਾਸ ਸਰਕਾਰੀ ਹਥਿਆਰ ਹਨ, ਉੱਤੇ ਲਾਗੂ ਨਹੀ ਹੋਵੇਗਾ। ਇਹ ਹੁਕਮ ਮਿਤੀ 24 ਸਤੰਬਰ ਤੋ 26 ਸਤੰਬਰ 2020 ਤੱਕ ਲਾਗੂ ਰਹੇਗਾ।