ਮੋਗਾ 7 ਅਪ੍ਰੈਲ (ਜਗਰਾਜ ਲੋਹਾਰਾ)
ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਸੋਮਵਾਰ ਨੂੰ ਅੱਠ ਮੌਤਾਂ ਹੋ ਗਈਆਂ ਹਨ। ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ‘ਚ ਲੋਕਾਂ ਦੀ ਜਾਨ ਮੁਸ਼ਕਲ ‘ਚ ਹੈ। ਤਾਜ਼ਾ ਮਾਮਲਾ ਮੋਗਾ ਦੇ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਚੀਂਦਾ ਤੋਂ ਸਾਹਮਣੇ ਆਇਆ ਹੈ, ਜਿੱਥੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਮੋਗਾ ਦੇ ਕੁੱਲ 4 ਪਾਜ਼ੇਟਿਵ ਕੇਸ ਸਾਹਮਣੇ ਆ ਗਏ ਹਨ ਆਪ ਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ ਇਕ ਮਸਜਿਦ ਤੋਂ ਜਿਨ੍ਹਾਂ 13 ਲੋਕਾਂ ਨੂੰ ਟੈਸਟ ਲਈ ਭੇਜਿਆ ਗਿਆ ਸੀ, ਉਨ੍ਹਾਂ ‘ਚੋਂ ਪਹਿਲਾਂ ਇਕ ਕੇਸ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਹੋਰ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਅਸਿਸਟੇਂਟ ਸਿਵਲ ਸਰਜਨ ਡੀ. ਜਸਵੰਤ ਸਿੰਘ ਨੇ ਕੀਤੀ ਹੈ। ਇੱਥੇ ਮਸਜਿਦ ‘ਚ 13 ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਰਹਿ ਰਹੇ ਸਨ। ਲੋਕਾਂ ਦੀ ਸ਼ਿਕਾਇਤ ‘ਤੇ ਇਨ੍ਹਾਂ 13 ਲੋਕਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ‘ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ 13 ‘ਚੋਂ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ ਬਾਕੀ 4 ਦੀ ਰਿਪੋਰਟ ਪਾਜ਼ੇਟਿਵ ਆਈ ਹੈ।