*ਸ਼ਹੀਦ ਸੈਨਿਕ ਦੇ ਜੱਦੀ ਪਿੰਡ ਵਿਚ ਖੇਡ ਮੈਦਾਨ ਵੀ ਬਣੇਗਾ*
*ਪਰਿਵਾਰ ਦੇ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ*
*ਮੁੱਖ ਮੰਤਰੀ ਨੇ ਪਰਿਵਾਰ ਦੇ ਮਿਸਾਲੀ ਯੋਗਦਾਨ ਨੂੰ ਚੇਤੇ ਕੀਤਾ, ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਨੇ ਵੀ ਦੇਸ਼ ਸੇਵਾ ਕਰਦੇ ਹੋਏ ਦਿੱਤੀ ਸੀ ਸ਼ਹਾਦਤ*
ਚੜਿੱਕ (ਮੋਗਾ) ਜਗਰਾਜ ਸਿੰਘ ਗਿੱਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਇੱਥੋਂ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸ ਦਾ ਨਾਮ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਮ ਉਤੇ ਰੱਖਿਆ ਜਾਵੇਗਾ ਜਿਨ੍ਹਾਂ ਨੇ ਦੇਸ਼ ਦੀ ਏਖਕਤਾ ਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਜੰਮੂ ਕਸ਼ਮੀਰ ਵਿਖੇ ਸ਼ਹਾਦਤ ਦੇ ਦਿੱਤੀ ਸੀ। ਮੁੱਖ ਮੰਤਰੀ ਨੇ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਖੇਡ ਮੈਦਾਨ ਦਾ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਪਰਿਵਾਰ ਨਾਲ ਅਫਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਲਾਂਸ ਨਾਇਕ ਕੁਲਵੰਤ ਸਿੰਘ ਇਸ ਪਰਿਵਾਰ ਤੋਂ ਦੂਜੀ ਪੀੜੀ ਦਾ ਸ਼ਹੀਦ ਹੈ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਹਵਲਦਾਰ ਬਲਦੇਵ ਸਿੰਘ ਨੇ ਵੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਦੋਵਾਂ ਸ਼ਹੀਦਾਂ ਦੇ ਬੁੱਤ ਅਪਗ੍ਰੇਡ ਕੀਤੇ ਸਕੂਲ ਦੇ ਕੈਂਪਸ ਵਿਚ ਸਥਾਪਤ ਕੀਤੇ ਜਾਣਗੇ ਜਿਸ ਸਕੂਲ ਦਾ ਨਾਮ ਲਾਂਸ ਨਾਇਕ ਕੁਲਵੰਤ ਸਿੰਘ ਦੇ ਨਾਮ ਉਤੇ ਰੱਖਿਆ ਜਾਵੇਗਾ।
ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚਾ ਮੁਲਕ ਸ਼ਹੀਦ ਕੁਲਵੰਤ ਸਿੰਘ ਦਾ ਰਿਣੀ ਹੈ ਜਿਨ੍ਹਾਂ ਨੇ ਦੇਸ਼ ਅਤੇ ਇੱਥੋਂ ਦੇ ਲੋਕਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਧਰਤੀ ਮਾਂ ਦੇ ਇਸ ਸਪੂਤ ਦੇ ਮਹਾਨ ਯੋਗਦਾਨ ਦੇ ਸਤਿਕਾਰ ਵਜੋਂ ਇਹ ਸੂਬਾ ਸਰਕਾਰ ਦੀ ਇਕ ਨਿਮਾਣੀ ਜਿਹੀ ਸ਼ਰਧਾਂਜਲੀ ਹੈ।
ਮੁਲਕ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਸੂਬਾ ਸਰਕਾਰ ਦੀ ਏਸੇ ਵਚਨਬੱਧਤਾ ਤਹਿਤ ਸ਼ਹੀਦ ਲਾਂਸ ਨਾਇਕ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਸ਼ਰਿਤ ਨੂੰ ਨੌਕਰੀ ਦੇਣ ਦੀ ਨੀਤੀ ਦੇ ਆਧਾਰ ਉਤੇ ਫੌਜ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬੇ ਦਾ ਇਹ ਉਪਰਾਲਾ ਜਿੱਥੇ ਪਰਿਵਾਰ ਲਈ ਮਦਦਗਾਰ ਹੋਵੇਗਾ, ਉਥੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਸਹਾਈ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਵੀ ਉਤਸ਼ਾਹਿਤ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਬਹਾਦਰ ਸੈਨਿਕ ਨੇ ਦੇਸ਼ ਦੀ ਏਕਤਾ ਦੀ ਰਾਖੀ ਲਈ ਪੂਰੀ ਸਮਰਪਣ ਭਾਵਨਾ ਦਿਖਾਈ ਅਤੇ ਉਨ੍ਹਾਂ ਦੀ ਇਹ ਮਹਾਨ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਹੋਰ ਵੀ ਤਨਦੇਹੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਹੱਦਾਂ ਦੀ ਰਾਖੀ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਵੀ ਪੰਜਾਬੀ ਵੱਡੀ ਭੂਮਿਕਾ ਨਿਭਾਅ ਰਹੇ ਹਨ।