ਨਿਹਾਲ ਸਿੰਘ ਵਾਲਾ 25 ਅਪ੍ਰੈਲ (ਮਿੰਟੂ ਖੁਰਮੀ,ਕੁਲਦੀਪ ਗੋਹਲ) ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਸਬੰਧਿਤ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਦੇ ਮਹਿੰਗਾਈ ਭੱਤਿਆਂ ਤੇ ਜਨਵਰੀ 2020 ਤੋਂ ਲੈ ਕੇ ਜੁਲਾਈ 2021 ਤੱਕ ਲਾਏ ਕੱਟ ਦਾ ਸਾਬਕਾ ਫੌਜੀਆਂ ਤੇ ਮ੍ਰਿਤਕ ਸੈਨਿਕਾਂ ਦੀਆਂ ਪਤਨੀਆਂ ਨੇ ਤਿੱਖਾ ਵਿਰੋਧ ਕੀਤਾ।ਪਿੰਡ ਹਿੰਮਤਪੁਰਾ ਦੇ ਸਾਬਕਾ ਫੌਜੀਆਂ ਨੇ ਬਕਾਇਦਾ ਰੋਸ ਮੀਟਿੰਗ ਕਰ ਕੋਰੋਨਾ ਸੰਬੰਧੀ ਹਿਦਾਇਤਾਂ ਨੂੰ ਧਿਆਨ ਚ ਰੱਖਦਿਆਂ ਦੂਰੀ ਬਣਾ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਸਾਬਕਾ ਫੌਜੀ ਜਗਤਾਰ ਸਿੰਘ ਹਿੰਮਤਪੁਰਾ ਤੇ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕੇਂਦਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜੇਬਾਂ ਤੇ ਡਾਕਾ ਮਾਰ ਰਹੀ ਆ ਦੂਜੇ ਪਾਸੇ ਲੀਡਰਾਂ ਸਰਮਾਏਦਾਰਾਂ ਨੂੰ ਟੈਕਸਾਂ ਚ ਛੋਟ ਦੇ ਕੇ ਆਪਣਿਆਂ ਗੱਫੇ ਦਿੱਤੇ ਜਾ ਰਹੇ ਹਨ। ਕੇਂਦਰ ਸਰਕਾਰ ਨੇ ਮਹਿਜ਼ ਜਨ ਧਨ ਖਾਤਾਧਾਰਿਕ ਔਰਤਾਂ ਦੇ ਖਾਤਿਆਂ ਚ ਨਿਗੂਣੀ ਰਕਮ ਪਾ ਕੇ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾਉਣ ਦੇ ਨਾਲ ਨਾਲ ਛਾਂਟੀ ਦੀ ਤਲਵਾਰ ਵੀ ਚਲਾਈ ਜਾਵੇਗੀ। ਜਿਸ ਨਾਲ ਲਾਕਡਾਊਨ ਦੇ ਭੰਨੇ ਕਿਰਤੀਆਂ ਤੇ ਹੋਰ ਬੋਝ ਵਧੇਗਾ। ਇਸ ਮੌਕੇ ਸਾਬਕਾ ਫੌਜੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤਿਆਂ ਤੇ ਕੱਟ ਲਾਉਣ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਪ੍ਰੇਮ ਸਿੰਘ ਹਰਚੰਦ ਸਿੰਘ ਜਸਵੰਤ ਸਿੰਘ ਨਾਇਬ ਸੂਬੇਦਾਰ ਬਲਵਿੰਦਰ ਸਿੰਘ ਸੁਰਜੀਤ ਕੌਰ ਅਮਰਜੀਤ ਕੌਰ ਮਹਿੰਦਰ ਕੌਰ ਜਸਮੇਲ ਕੌਰ ਪਰਮਜੀਤ ਕੌਰ ਆਦਿ ਹਾਜ਼ਰ ਸਨ।