ਇਸ ਸਮੇਂ ਦੌਰਾਨ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਇਨ੍ਹਾਂ ਦੀ ਸਾਰ ਲੈਣ ਲਈ ਮੌਕੇ ਤੇ ਨਹੀਂ ਪਹੁੰਚਿਆ
ਮੋਗਾ 23 ਜੁਲਾਈ
( ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ, ਗੁਰਪ੍ਰਸਾਦ ਸਿੱਧੂ)
ਅੱਜ ਸਵੇਰੇ ਕੋਈ ਪੌਣੇ ਅੱਠ ਵਜੇ ਦੇ ਕਰੀਬ ਪਿੰਡ ਲੁਹਾਰਾ (ਮੋਗਾ) ਦੀ ਦਾਮੂੰ ਸ਼ਾਹ ਜੀ ਦੀ ਦਰਗਾਹ ਤੋਂ ਕੋਈ ਸੌ ਮੀਟਰ ਦੀ ਦੂਰੀ ਤੇ ਮੋਗਾ- ਅੰਮ੍ਰਿਤਸਰ ਮੇਨ ਰੋਡ ਤੇ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀ ਬੱਸ ਦੇ ਆਹਮਣੋ ਸਾਹਮਣੇ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਇਹ ਟੱਕਰ ਏਨੀ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਕੋਈ ਚਾਲੀ ਸਵਾਰੀਆਂ ਤੇ ਇਸ ਦਾ ਅਸਰ ਹੋਇਆ ਜਿਨ੍ਹਾਂ ਵਿੱਚ ਇਕ ਵਿਅਕਤੀ ਦੀ ਮੌਤ ਮੌਕੇ ਤੇ ਹੀ ਹੋ ਗਈ, ਇਕ ਵਿਅਕਤੀ ਹਸਪਤਾਲ ਜਾ ਕੇ ਦਮ ਤੋੜ ਗਿਆ ਅਤੇ ਖਬਰ ਲਿਖੇ ਜਾਣ ਤਕ ਇਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਨਾਲ ਇਹ ਗਿਣਤੀ ਤਿੰਨ ਹੋ ਗਈ ਜਿਨ੍ਹਾਂ ਵਿਚ ਵਿਰਸਾ ਸਿੰਘ ਪੁੱਤਰ ਬਲਕਾਰ ਸਿੰਘ, ਵਿੱਕੀ ਪੁੱਤਰ ਕਾਕੂ ਸਿੰਘ ਦੋਨੋਂ ਨਿਵਾਸੀ ਮਲਸੀਹਾਂ (ਮੱਖੂ) ਅਤੇ ਮਿੰਨੀ ਬੱਸ ਦਾ ਡਰਾਈਵਰ ਗੁਰਦੇਵ ਸਿੰਘ ਪੁੱਤਰ ਮੋਹਨ ਸਿੰਘ ਨਿਵਾਸੀ ਘੁੱਦੂਵਾਲਾ(ਮਖੂ) ਸ਼ਾਮਲ ਹਨ।
ਪਿੰਡ ਵਾਈਜ਼ ਵੇਰਵੇ ਮੁਤਾਬਕ ਮਲਸੀਆਂ ਦੇ ਸਤਾਈ, ਮੋਗੇ ਦੇ ਚਾਰ, ਕੋਟ ਈਸੇ ਖਾਂ ਦੇ, ਅਣਪਛਾਤੇ ਦੋ ਅਤੇ ਪਿੰਡ ਕੋਟ ਬੁੱਧਾ, ਲੱਲੇ, ਤਰਨਤਾਰਨ, ਭਗਤਾ ਭਾਈਕਾ ਅਤੇ ਘੁੱਦੂਵਾਲਾ ਦੇ ਇਕ ਇਕ ਸਵਾਰੀਆਂ ਸ਼ਾਮਲ ਸਨ ।ਇਸ ਟੱਕਰ ਦਾ ਜਿਵੇਂ ਹੀ ਚੀਕ ਚਿਹਾੜਾ ਪਿੰਡ ਲੋਹਾਰਾ ਦੇ ਨਿਵਾਸੀਆਂ ਨੇ ਸੁਣਿਆ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਕੋਈ ਘੰਟੇ ਦੀ ਮੁਸ਼ੱਕਤ ਬਾਅਦ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਪਹੁੰਚਾਉਣ ਦੀ ਮੱਦਦ ਕੀਤੀ। ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਇਨ੍ਹਾਂ ਦੀ ਸਾਰ ਲੈਣ ਲਈ ਮੌਕੇ ਤੇ ਨਹੀਂ ਪਹੁੰਚਿਆ
।ਇਨ੍ਹਾਂ ਚਾਲੀ ਸਵਾਰੀਆਂ ਵਿਚੋਂ ਦੋ ਨੂੰ ਤਾਂ ਮਾਮੂਲੀ ਮਲ੍ਹਮ ਪੱਟੀ ਉਪਰੰਤ ਛੁੱਟੀ ਦੇ ਦਿੱਤੀ ਗਈ, ਤਿੰਨ ਦੀ ਮੌਤ ਹੋ ਗਈ, ਨੌੰ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ ਜ਼ਖਮੀ ਮੋਗਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ । ਇਸ ਘਟਨਾ ਸਬੰਧੀ ਥਾਣਾ ਮੋਗਾ ਵਿਖੇ ਰੋਡਵੇਜ਼ ਦੇ ਕੰਡਕਟਰ ਸੁਖਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਐੱਫਆਈਆਰ ਮੁਤਾਬਕ ਉਨ੍ਹਾਂ ਦੀ ਬੱਸ ਜੋ ਮੋਗਾ ਡਿਪੂ ਵਿੱਚੋਂ ਕੋਈ 7.22ਸਵੇਰੇ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ ਜਿਸ ਦਾ ਕੋਈ ਅੱਠ ਕਿਲੋਮੀਟਰ ਦੀ ਦੂਰੀ ਤੇ ਪਿੰਡ ਲੁਹਾਰਾ ਤੋਂ ਲੰਘਦਿਆਂ ਸਾਰ ਸਾਹਮਣੇ ਤੋਂ ਆਈ ਤੇਜ਼ੀ ਨਾਲ ਅਤੇ ਆਪਣਾ ਸੰਤੁਲਨ ਗੁਆ ਚੁੱਕੀ ਇਕ ਮਿੰਨੀ ਬੱਸ ਨਾਲ ਟਾਕਰਾ ਹੋ ਗਿਆ ਜਿਸ ਦੇ ਫਲਸਰੂਪ ਇਹ ਵੱਡਾ ਹਾਦਸਾ ਹੋਂਦ ਵਿੱਚ ਆਇਆ ।ਇਹ ਵੀ ਪਤਾ ਲੱਗਾ ਹੈ ਕਿ ਮਿੰਨੀ ਬੱਸ ਵਿਚ ਸਫਰ ਕਰ ਰਹੇ ਵਿਅਕਤੀ ਚੰਡੀਗਡ਼੍ਹ ਵਿਖੇ ਹੋ ਰਹੇ ਇਕ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ।