ਨਿਹਾਲ ਸਿੰਘ ਵਾਲਾ ( ਕੀਤਾ ਬਾਰੇਵਾਲਾ)ਪਿੰਡ ਮਾਛੀਕੇ ਅਤੇ ਨਵਾਂ ਮਾਛੀਕੇ ਵੱਲੋਂ ਸਾਂਝੇ ਤੌਰ ਤੇ ਦਿੱਲੀ ਕਿਸਾਨ ਪਰੇਡ ਨਾਲ਼ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ । ਵੱਖ – ਵੱਖ ਪੜਾਵਾਂ ਤੇ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਆਗੂ ਕਾਕਾ ਸਿੰਘ ਮਾਛੀਕੇ, ਗਿਆਨੀ ਕੁਲਦੀਪ ਸਿੰਘ ਅਤੇ ਅਧਿਆਪਕ ਆਗੂ ਅਮਨਦੀਪ ਮਾਛੀਕੇ ਨੇ ਕਿਹਾ ਕਿ ਦਿੱਲੀ ਦੀ ਧਰਤੀ ਤੇ ਸ਼ਾਂਤਮਈ ਪਰੇਡ ਕਰ ਰਹੇ ਕਿਸਾਨ ਆਪਣੇ ਹਿੱਸੇ ਦੀ ਜ਼ਮਹੂਰੀਅਤ ਦਾ ਅਧਿਕਾਰ ਪੁਗਾ ਰਹੇ ਹਨ ਅਤੇ ਪੂਰੀ ਦੁਨੀਆਂ ਸਾਹਮਣੇ ਭਾਰਤੀ ਲੋਕਤੰਤਰ ਦਾ ਥੋਥ ਨੰਗਾ ਕਰ ਰਹੇ ਹਨ । ਬੁਲਾਰਿਆਂ ਨੇ ਕਿਹਾ ਕਿ ਭਾਰਤੀ ਹਾਕਮ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਵੀਆਂ ਆਰਥਿਕ ਨੀਤੀਆਂ ਦੇ ਘੋੜੇ ਤੇ ਸਵਾਰ ਹੋ ਕੇ ਕਾਰਪੋਰੇਟ ਵਿਕਾਸ ਮਾਡਲ ਅੱਗੇ ਡੰਡੌਤ ਕਰ ਰਹੇ ਨੇ ਅਤੇ ਮੁਲਕ ਦਾ ਕੁੱਲ ਖੇਤੀ ਸੈਕਟਰ ਅਤੇ ਜਿਣਸਾਂ ਕਾਰਪੋਰੇਟ ਗਿਰਝਾਂ ਮੂਹਰੇ ਪਰੋਸ ਰਹੇ ਹਨ । ਇਹਨਾਂ ਕਾਲ਼ੇ ਕਾਨੂੰਨਾਂ ਦੀ ਬਦੌਲਤ ਮੁਲਕ ਦੇ ਖੇਤ ਮਜ਼ਦੂਰ, ਸ਼ਹਿਰੀ ਗਰੀਬ ,ਛੋਟੇ ਕਾਰੋਬਾਰੀ ਅਤੇ ਵਪਾਰੀ – ਦੁਕਾਨਦਾਰ ਬੁਰੀ ਤਰਾਂ ਕੁਚਲੇ ਜਾਣਗੇ । ਕਿਸਾਨ ਆਗੂ ਨੇ ਐਲਾਨ ਕੀਤਾ ਕਿ ਕਾਨੂੰਨ ਵਾਪਸੀ ਤੋਂ ਪਹਿਲਾਂ ਘਰ ਵਾਪਸੀ ਨਹੀਂ ਹੋਵੇਗੀ । ਪਿੰਡ ਮਾਛੀਕੇ ਅਤੇ ਨਵਾਂ ਮਾਛੀਕੇ ਦੀ ਫਿਰਨੀ ਤੇ ਸ਼ਾਂਤਮਈ ਟਰੈਕਟਰ ਵਹੀਕਲ ਮਾਰਚ ਕੀਤਾ ਗਿਆ। ਇਸ ਸਮੇਂ ਭੱਟੀ ਮਾਛੀਕੇ,ਕਮਲਜੀਤ ਸਿੰਘ, ਗਰਾਮ ਪੰਚਾਇਤ ਦੇ ਨੁਮਾਇੰਦੇ, ਜਸਪ੍ਰੀਤ ਮਾਛੀਕੇ, ਬਲਦੇਵ ਸਿੰਘ, ਕੇਵਲ ਸਿੰਘ ,ਸੇਬ ਸਿੰਘ ,ਕੁਲਦੀਪ ਨਵਾਂ ਮਾਛੀਕੇ, ਡਾ. ਕੇਵਲ ਸਿੰਘ, ਡਾ ਸਤਨਾਮ ਸਿੰਘ ਸਮੇਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਨਾਲ਼ ਨਾਲ਼ ਵੱਡੀ ਗਿਣਤੀ ਚ ਔਰਤਾਂ, ਮਜ਼ਦੂਰ ਅਤੇ ਨੌਜਵਾਨ ਹਾਜ਼ਰ ਸਨ ।