ਮੋਗਾ 15 ਦਸੰਬਰ ਜਗਰਾਜ ਸਿੰਘ ਗਿੱਲ
ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਐੱਸ. ਡੀ. ਕਾਲਜ (ਲੜਕੀਆਂ), ਮੋਗਾ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਲੇਖਿਕਾ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਬਰਾੜ ਦੀ ਆਲੋਚਨਾ ਪੁਸਤਕ ‘ਵਕਤ ਪਗਡੰਡੀ ਤੇ ਮੈਂ’ ਦਾ ਲੋਕ ਅਰਪਣ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵਿਖੇ ਆਯੋਜਿਤ ਇਸ ਵਿਸ਼ੇਸ਼ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਵੱਲੋਂ ਕੀਤੀ ਗਈ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਵਿਅੰਗਕਾਰ ਕੇ. ਐੱਲ. ਗਰਗ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ, ਡਾ. ਪਲਵਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਐੱਸ. ਡੀ. ਕਾਲਜ (ਲੜਕੀਆਂ), ਮੋਗਾ, ਡਾ. ਬਲਜੀਤ ਕੌਰ ਮੁਖੀ ਇਤਿਹਾਸ ਵਿਭਾਗ ਐੱਸ. ਡੀ. ਕਾਲਜ (ਲੜਕੀਆਂ), ਮੋਗਾ ਸ਼ਾਮਿਲ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਨੇ ਸਭ ਨੂੰ ਜੀ ਆਖਦਿਆਂ ਕਿਹਾ ਕਿ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਬਰਾੜ ਇਸ ਤੋਂ ਪਹਿਲਾਂ ਕਵਿਤਾ ਅਤੇ ਵਾਰਤਕ ਦੀਆਂ ਪੰਜ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਹਥਲੀ ਛੇਵੀਂ ਪੁਸਤਕ ਉਨ੍ਹਾਂ ਦੁਆਰਾ ਵੱਖ-ਵੱਖ ਸਮਿਆਂ ‘ਤੇ ਲਿਖੇ ਆਲੋਚਨਾ ਲੇਖਾਂ ਦਾ ਸੰਗ੍ਰਹਿ ਹੈ। ਡਾ. ਪਲਵਿੰਦਰ ਕੌਰ ਨੇ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸ਼੍ਰੀਮਤੀ ਸੁਰਿੰਦਰ ਪਾਲ ਕੌਰ ਬਰਾੜ ਕਿਸੇ ਵਿਸ਼ੇਸ਼ ਵਾਦ ਨੂੰ ਆਧਾਰ ਨਾ ਬਣਾਉਂਦਿਆਂ ਨਿਰੋਲ ਮਾਨਵੀ ਸਰੋਕਾਰਾਂ ਨੂੰ ਆਪਣੀ ਆਲੋਚਨਾ ਦ੍ਰਿਸ਼ਟੀ ਦੇ ਕੇਂਦਰ ਵਿੱਚ ਰੱਖਦੇ ਹਨ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸੁਰਿੰਦਰ ਪਾਲ ਕੌਰ ਬਰਾੜ ਜਿੱਥੇ ਪੰਜਾਬੀ ਕਾਵਿ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ, ਉਵੇਂ ਹੀ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਇਸ ਪੁਸਤਕ ਦੇ ਛਪਣ ਨਾਲ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਮੁੱਲਵਾਨ ਵਾਧਾ ਹੋਇਆ ਹੈ। ਕੇ. ਐੱਲ. ਗਰਗ ਨੇ ਕਿਹਾ ਕਿ ਸੁਰਿੰਦਰ ਪਾਲ ਕੌਰ ਬਰਾੜ ਆਪਣੇ ਆਲੋਚਨਾ ਲੇਖਾਂ ਵਿੱਚ ਗਹਿਰ ਗੰਭੀਰ ਵਿਸ਼ਿਆਂ ਨੂੰ ਵੀ ਸਰਲ ਭਾਸ਼ਾ ਵਿੱਚ ਢਾਲਦਿਆਂ ਉਨ੍ਹਾਂ ਨੂੰ ਦਿਲਚਸਪ ਰੰਗਣ ਦੇਣ ਵਿੱਚ ਨਿਪੁੰਨ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਸੁਰਿੰਦਰਪਾਲ ਕੌਰ ਬਰਾੜ ਆਪਣੇ ਸਮੇਂ ਦੇ ਪ੍ਰਸਿੱਧ ਪੰਜਾਬੀ ਪ੍ਰੋਫੈਸਰ ਅਤੇ ਪ੍ਰਸ਼ਾਸਕ ਰਹੇ ਹਨ, ਅਤੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਹਨ। ਡਾ. ਨੀਨਾ ਅਨੇਜਾ ਪ੍ਰਿੰਸੀਪਲ ਐੱਸ. ਡੀ. ਕਾਲਜ (ਲੜਕੀਆਂ), ਮੋਗਾ ਵੱਲੋਂ ਇਸ ਪੁਸਤਕ ਦੇ ਲੋਕ ਅਰਪਣ ’ਤੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਲੈਕਚਰਾਰ ਡਾਈਟ, ਮੋਗਾ ਜਗਮੋਹਨ ਸਿੰਘ, ਅਸਿਸਟੈਂਟ ਮੈਂਟਰ ਡਾਈਟ, ਮੋਗਾ ਜਗਦੀਪ ਸਿੰਘ, ਸੀਨੀਅਰ ਸਹਾਇਕ ਨਵਦੀਪ ਸਿੰਘ, ਮੋਹਿਤ ਕੁਮਾਰ, ਸਾਹਿਲ ਕੁਮਾਰ ਅਤੇ ਹੋਰ ਸਰੋਤੇ ਸ਼ਾਮਿਲ ਸਨ।













Leave a Reply