ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)
ਅੱਠ ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਸਬਾ ਬੱਧਨੀਂ ਕਲਾਂ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ, ਮਾਵਾਂ-ਭੈਣਾਂ, ਕਿਸਾਨ ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਅਤੇ ਹੋਰ ਇਨਸਾਫ਼ ਪਸੰਦ ਹਿੱਸੇ ਸ਼ਾਮਿਲ ਹੋਏ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਇੰਦਰਮੋਹਨ ਪੱਤੋ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਹਿੰਮਤਪੁਰਾ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮ ਰਾਮਾਂ, ਡੀਟੀਐੱਫ਼ ਆਗੂ ਅਮਨਦੀਪ ਮਾਛੀਕੇ, ਆਂਗਣਵਾੜੀ ਵਰਕਰ ਯੂਨੀਅਨ ਦੀ ਆਗੂ ਮਹਿੰਦਰ ਕੌਰ ਪੱਤੋ ਆਦਿ ਬੁਲਾਰਿਆਂ ਨੇ ਕਿਹਾ ਕਿ ਲੋਕਾਂ ਦੇ ਵਿਸ਼ਾਲ, ਸ਼ਾਂਤਮਈ ਅਤੇ ਜ਼ਾਬਤਾ ਬੱਧ ਸੰਘਰਸ਼ ਦੀ ਬਦੌਲਤ ਮੋਦੀ ਹਕੂਮਤ ਨੂੰ ਪਹਿਲਾਂ ਗੱਲਬਾਤ ਦੀ ਮੇਜ਼ ਤੇ ਆਉਣਾ ਪਿਆ ਅਤੇ ਖੇਤੀ ਕਾਨੂੰਨਾਂ ਨੂੰ ਨੁਕਸਦਾਰ ਮੰਨਦਿਆਂ ਸੋਧਾਂ ਕਰਨ ਦੀ ਤਜਵੀਜ਼ ਲੈਕੇ ਆਉਂਣੀ ਪਈ ਹੈ।ਪਰ ਪੰਜਾਬ ਸਮੇਤ ਮੁਲਕ ਭਰ ਦੀਆਂ ਪੰਜ ਸੌ ਦੇ ਕਰੀਬ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਇੱਕੋ ਇੱਕ ਐਲਾਨ ਹੈ ਕਿ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਐਕਟ 2020, ਪਰਾਲੀ ਐਕਟ 2020, ਸਮੇਤ ਮੰਗ ਪੱਤਰ ਵਿੱਚ ਦਰਜ਼ ਮੰਗਾਂ ਮੰਨਣ ਤੋਂ ਉਰਾਂ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਆਗੂਆਂ ਦੀ ਦਲੀਲਾਂ ਅੱਗੇ ਨੈਤਿਕ ਤੌਰ ਤੇ ਹਾਰ ਚੁੱਕੀ ਹੈ।ਪਰ ਅੰਬਾਨੀ ਅਡਾਨੀ ਸਮੇਤ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਨੀਤੀਆਂ ਪ੍ਰਤੀ ਵਫ਼ਾਦਾਰੀ ਕਾਲੇ ਕਾਨੂੰਨ ਮੁੱਢੋਂ ਰੱਦ ਕਰਨ ਦੇ ਰਾਹ ਮੂਹਰੇ ਰੋੜਾ ਬਣੀ ਖੜ੍ਹੀ ਹੈ। ਜਿਸਨੂੰ ਭਾਰਤ ਦੇ ਸੰਘਰਸ਼ਸ਼ੀਲ ਲੋਕ ਚੁੱਕ ਕੇ ਪਰਾਂ ਵਗਾਹ ਮਾਰਨਗੇ। ਉਹਨਾਂ ਕਿਹਾ ਕਿ ਜਦੋਂ ਇਹ ਕਾਨੂੰਨ ਜ਼ਮੀਨਾਂ ਉੱਪਰ ਕਾਰਪੋਰੇਟਾਂ ਦੇ ਕਬਜ਼ੇ, ਸਰਕਾਰੀ ਖਰੀਦ ਬੰਦ
ਕਰਨ, ਸਰਕਾਰੀ ਮੰਡੀ ਦਾ ਭੋਗ ਪਾਉਣ ਦੇ ਨਾਲ-ਨਾਲ ਸਮੂਹ ਮਜ਼ਦੂਰਾਂ ਅਤੇ ਖਪਤਕਾਰਾਂ ਦੀ ਮੌਤ ਦੇ ਵਾਰੰਟ ਹਨ। ਜਿੱਥੇ ਇਹਨਾਂ ਕਾਨੂੰਨਾਂ ਨੇ ਮੰਡੀ ਖੇਤਰ ਚੋਂ ਮਜ਼ਦੂਰਾਂ ਨੂੰ ਬਾਹਰ ਕਰਨਾ ਹੈ ਉੱਥੇ ਸਰਕਾਰੀ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪਾਉਣਾ ਹੈ ਅਤੇ ਜ਼ਖੀਰੇਬਾਜ਼ੀ ਦੇ ਚਲਦਿਆਂ ਮਜ਼ਦੂਰਾਂ ਸਮੇਤ ਕੁੱਲ ਖਪਤਕਾਰਾਂ ਲਈ ਮਾਰੂ ਸਿੱਧ ਹੋਣਗੇ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 9 ਦਸੰਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਆਗੂਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਜਿਸ ਤਰ੍ਹਾਂ ਵਿਦੇਸ਼ਾਂ ਵਿਚ ਬੈਠਾ ਪੰਜਾਬੀ ਭਾਈਚਾਰਾ ਸੜਕਾਂ ਤੇ ਨਿੱਤਰ ਆਇਆ ਹੈ ਅਤੇ ਕਨੇਡਾ, ਅਮਰੀਕਾ ਸਮੇਤ ਸੰਯੁਕਤ ਰਾਸ਼ਟਰ ਸੰਘ, ਭਾਰਤ ਦੀ ਤੋਏ ਤੋਏ ਕਰ ਰਿਹਾ ਹੈ ਇਸ ਹਾਲਤ ਵਿੱਚ ਮੋਦੀ ਸਰਕਾਰ ਕੋਲ ਇਹ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ ਹੈ। ਇਸ ਸਮੇਂ ਸਾਹਿਤਕਾਰ ਗੁਰਮੇਲ ਬੌਡੇ,ਟੀਐੱਸਯੂ ਆਗੂ ਮੱਖਣ ਸਿੰਘ ਡਵੀਜ਼ਨ ਪ੍ਰਧਾਨ, ਹਰਦੀਪ ਮੱਦਾ, ਮਹਿੰਦਰ ਸਿੰਘ ਬੱਧਨੀਂ, ਗੁਰਮੁਖ ਹਿੰਮਤਪੁਰਾ, ਹਰਪ੍ਰੀਤ ਰਾਮਾਂ, ਸੁਖਮੰਦਰ ਨਿਹਾਲ ਸਿੰਘ ਵਾਲਾ, ਕਮਲਜੀਤ ਭਾਗੀਕੇ, ਕਾਕਾ ਸਿੰਘ ਮਾਛੀਕੇ,ਤੀਰਥ ਸਿੰਘ ਕੁੱਸਾ, ਗੁਰਵਿੰਦਰ ਕੌਰ , ਚਰਨਜੀਤ ਕੌਰ ਕੁੱਸਾ,ਬਰਿੰਦਰ ਕੌਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।