ਮੋਗਾ 30 ਜਨਵਰੀ (ਜਗਰਾਜ ਸਿੰਘ ਗਿੱਲ)
ਮੋਗਾ ਜਿਲ੍ਹੇ ਦੀਆਂ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਅਸਥਿਰ ਕਰਨ ਦੀ ਨੀਤੀ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਅੱਜ ਮੋਗਾ ਸ਼ਹਿਰ ਵਿੱਚ ਕਿਸਾਨ ਘੋਲ ਹਮਾਇਤ ਰੈਲੀ ਕੀਤੀ ਜਾਵੇਗੀ ਜੋ ਦੁਪਹਿਰ 12 ਵਜੇ ਨੇਚਰ ਪਾਰਕ ਮੋਗਾ ਤੋਂ ਸ਼ੁਰੂ ਹੋਵੇਗੀ ਅਤੇ ਬਜਾਰ ਵਿੱਚ ਦੀ ਲੰਘਦੀ ਹੋਈ ਮੇਨ ਚੌਕ ਮੋਗਾ ਵਿਖੇ ਸਮਾਪਤ ਹੋਵੇਗੀ। ਇਸ ਸਬੰਧੀ ਅੱਜ ਵੱਖ ਵੱਖ ਜਨਤਕ ਜਥੇਬੰਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਹੰਗਾਮੀ ਮੀਟਿੰਗ ਦੇਰ ਸ਼ਾਮ ਨੇਚਰ ਪਾਰਕ ਮੋਗਾ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ, ਦਿਗਵਿਜੇ ਸ਼ਰਮਾ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਚਰਨਜੀਤ ਡਾਲਾ, ਬਲਵਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਕੋਝੇ ਹੱਥਕੰਡੇ ਵਰਤ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਪਾਰਟੀ ਵਰਕਰਾਂ ਨੂੰ ਬਾਰਡਰਾਂ ਤੇ ਭੇਜ ਕੇ ਅੰਦੋਲਨ ਨੂੰ ਅਸਥਿਰ ਕਰਨ ਅਤੇ ਹਿੰਦੂ ਸਿੱਖ ਦਾ ਮੁੱਦਾ ਖੜ੍ਹਾ ਕਰਕੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਬੇਪਰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਲਾਮਬੰਦ ਕੀਤਾ ਜਾਵੇਗਾ। ਉਹਨਾਂ ਮੋਗਾ ਸ਼ਹਿਰ ਦੇ ਜਿੰਮੇਵਾਰ ਸ਼ਹਿਰੀਆਂ, ਜਨਤਕ ਜੱਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਲ ਮਿਤੀ 31 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਨੇਚਰ ਪਾਰਕ ਮੋਗਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੋ, ਜਿੱਥੇ ਵੱਡੀ ਇਕੱਤਰਤਾ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਨੇਚਰ ਪਾਰਕ ਮੋਗਾ ਤੋਂ ਬਜਾਰ ਵਿੱਚ ਦੀ ਮੇਨ ਚੌਕ ਮੋਗਾ ਵਿਖੇ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਪ੍ਰੇਮ ਕੁਮਾਰ, ਜੰਗੀਰ ਸਿੰਘ ਖੋਖਰ, ਜਗਤਾਰ ਸਿੰਘ ਦੌਧਰ, ਡਾ ਸੁਰਜੀਤ ਬਰਾੜ, ਬੂਟਾ ਸਿੰਘ ਔਲਖ, ਜਸਵਿੰਦਰ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਲਾਡੀ, ਹਰਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ ਬਰਾੜ, ਕਰਮਜੀਤ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ ਪੁਰਾਣੇ ਵਾਲਾ, ਕਰਮਜੀਤ ਸਿੰਘ ਘੋਲੀਆ ਆਦਿ ਹਾਜ਼ਰ ਸਨ।