ਚੰਡੀਗੜ੍ਹ 2ਅਕਤੂਬਰ (ਅਮ੍ਰਿਤਪਾਲ ਸਿੱਧੂ) ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਦੀ ਅਗਵਾਈ ਹੇਠ ਕਮੇਟੀ ਰੂਮ ਵਿਧਾਨ ਸਭਾ ਪੰਜਾਬ, ਚੰਡੀਗੜ੍ਹ ਵਿਖੇ ਸਿਖਿਆ ਮੰਤਰੀ ਪੰਜਾਬ , ਪ੍ਰਮੁੱਖ ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ, ਡੀ. ਪੀ. ਆਈ . ਸੈਕੰਡਰੀ ਨਾਲ ਪੈਨਲ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਯੂਨੀਅਨ ਦੀਆਂ ਤਮਾਮ ਮੰਗਾਂ ਤੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਜਿਸ ਤਹਿਤ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਮੀਟਿੰਗ ਦੌਰਾਨ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਗਜ਼ਟ 2015 ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਲਈ ਬੀ . ਏ ਅਤੇ ਦੋ ਸਾਲਾ ਡਿਪਲੋਮਾ ਇਨ ਆਰਟ ਐਂਡ ਕਰਾਫਟ ਪਾਸ ਕੀਤਾ ਹੋਵੇ ਮੰਗ ਕੀਤੀ ਜਾ ਰਹੀ ਹੈ ਜਦ ਕਿ ਨਵੇਂ
ਗਜ਼ਟ ਜੂਨ 2018 ਅਨੁਸਾਰ ਬੀ. ਏ. ਫਾਈਨ ਆਰਟ ਵਿਸ਼ਾ ਸਹਿਤ 55% ਅੰਕਾਂ ਸਹਿਤ ਅਤੇ ਵਿਵਸਾਇਕ ਯੋਗਤਾ ਵੱਜੋਂ ਬੀ.ਐੱਡ ਟੀਚਿੰਗ ਆਫ ਫਾਈਨ ਆਰਟ ਵਿਸ਼ਾ ਪਾਸ ਕੀਤੀ ਹੋਵੇ ਦੀ ਨਵੀਂ ਸ਼ਰਤ ਲਾਗੂ ਕੀਤੀ ਜਾ ਰਹੀ ਹੈ , ਜਦਕਿ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਵੱਲੋਂ ਮੌਜੂਦਾ ਦਾਖਲਿਆਂ ਲਈ ਆਰਟ ਐਂਡ ਕਰਾਫਟ ਡਿਪਲੋਮਾ ਲਈ ਅਧਾਰ ਵਿੱਦਿਅਕ ਯੋਗਤਾ ਦਸਵੀਂ ਪਾਸ ਹੀ ਮੰਗੀ ਜਾ ਰਹੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੋਣਾ ਚਾਹੀਦਾ ਹੈ? ਇਸ ਸਵਾਲ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਖੜ ਸੁਭਾਅ ਵਿਚ ਕਿਹਾ ਕਿ” ਬਿਲਕੁਲ ਨਹੀਂ ਹੋਣਾ ਚਾਹੀਦਾ , ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰੋ ” ਤਾਂ ਹਰਜਿੰਦਰ ਝੁਨੀਰ ਨੇ ਕਿਹਾ ਕਿ ਸਿੱਖਿਆ ਮੰਤਰੀ ਮੀਟਿੰਗ ਵਿੱਚ ਮੌਜੂਦ ਹਨ ਜੋ ਕਿ ਪੰਜਾਬ ਕੈਬਨਿਟ ਦੇ ਮੰਤਰੀ ਹਨ ਤਾਂ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਮੰਨਿਆ ਕਿ “ਬਿਲਕੁਲ ਤਾਲਮੇਲ ਹੋਣਾ ਚਾਹੀਦਾ ਹੈ ਤੇ ਇਸ ਸਬੰਧੀ ਤਕਨੀਕੀ” ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਬਰ੍ਹੇ ਨੇ ਕਿਹਾ ਕਿ ਆਰਟ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਵਜੋਂ ਲਾਗੂ ਕੀਤਾ ਜਾਵੇ, ਤੇ ਐਨ ਐਸ ਕਿਊ ਐਫ ਸਕੀਮ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਨੂੰ ਆਰਟ ਐਂਡ ਕਰਾਫਟ ਦੇ ਵਿਸ਼ੇ ਅਤੇ ਅਸਾਮੀਆਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ । ਸੂਬਾ ਪ੍ਰੈੱਸ ਸਕੱਤਰ ਸ਼ਸਪਾਲ ਰਟੋਲ ਨੇ ਕਿਹਾ ਕਿ ਉਪਰਲੀ ਉੱਮਰ ਹੱਦ ਵਿੱਚ ਵਧਾ ਕਰਕੇ 42 ਸਾਲ ਕੀਤੀ ਜਾਵੇ। ਜਗਜੀਤ ਸਿੰਘ ਗਿੱਲ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਨਾ ਕੀਤੀਆਂ ਜਾਣ। ਪਿਛਲੀ ਸਰਕਾਰ ਵੇਲੇ 2016 ਵਿੱਚ ਖਾਲੀ ਅਸਾਮੀਆਂ ਦੀ ਗਿਣਤੀ 3500 ਸੀ ਅਤੇ ਸੰਘਰਸ਼ ਕਰਕੇ ਮਿੱਤੀ 10-08-2016 ਨੂੰ ਡੀ.ਪੀ.ਆਈ. ਸੈਕੰਡਰੀ ਨਾਲ ਮੀਟਿੰਗ ਦੇ ਸਿੱਟੇ ਵਜੋਂ 2138 ਅਸਾਮੀਆਂ ਦੀ ਫਾਇਲ ਨੂੰ ਉੱਚ ਅਧਿਕਾਰੀਆਂ ਵੱਲੋਂ ਤਿੰਨ ਸਾਲਾਂ ਤੋਂ ਠੰਡੇ ਬਸਤੇ ਵਿੱਚ ਪਾ ਰੱਖਿਆ । ਇਸ ਲਈ ਮੌਜੂਦਾ ਸਥਿਤੀ ਅਨੁਸਾਰ ਸਾਰੀਆਂ ਖਾਲੀ 5000 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ । ਇਸ ਮੀਟਿੰਗ ਵਿੱਚ ਹਾਜ਼ਰ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਪ੍ਰੰਤੂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਈ ਗੱਲ ਨਹੀਂ ਕੀਤੀ੍। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਦਸੰਬਰ ਦੇ ਅਖੀਰ ਤੱਕ ਰੈਸਨੇਲਾਈਜੇਸ਼ਨ ਨੀਤੀ ਤਹਿਤ ਆਨੀ ਬਹਾਨੀ ਅਸਾਮੀਆਂ ਨੂੰ ਖਤਮ ਕਰਨ ਦੀ ਵੱਡੀ ਕਾਰਵਾਈ ਅੰਜਾਮ ਦੇ ਦਿੱਤਾ ਜਾਵੇਗਾ ਇਸ ਲਈ ਪੰਜਾਬ ਸਰਕਾਰ ਬੇਰੁਜ਼ਗਾਰ ਨੂੰ ਭਰੋਸਾ ਰੂਪੀ ਮਿੱਠੀ ਗੋਲੀ ਦੇ ਕੇ ਟਾਲ ਮਟੋਲ ਦੀ ਨੀਤੀ ਤੇ ਕੰਮ ਕਰ ਰਹੀ ਹੈ ।ਇਸ ਤਰ੍ਹਾਂ ਪੈਨਲ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ। ਜਸਵਿੰਦਰ ਸਿੰਘ ਬਰ੍ਹੇ ਅਤੇ ਗੁਰਪ੍ਰੀਤ ਸਰਾਂ ਲਾਲਿਆਂਵਾਲੀ ਨੇ ਕਿਹਾ ਕਿ ਜੇਕਰ ਸਰਕਾਰ ਜਲਦ ਹੀ 5000 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ।