ਐਸ ਏ ਐਸ ਨਗਰ, ਮਈ 30: ( ਸੰਜੇ ਗੋਸਵਾਮੀ )
ਡਿਪਟੀ ਕਮਿਸ਼ਨਰ ਸਾਹਿਬਜਾਦਾ ਅਜੀਤ ਸਿੰਘ ਨਗਰ ਗਿਰੀਸ਼ ਦਿਆਲਨ ਨੇ ਅੱਜ ਦੱਸਿਆ ਕਿ ਸਾਉਣੀ 2020 ਲਈ ਲੋੜੀਂਦੇ ਧਾਨ, ਬਾਸਮਤੀ, ਮੱਕੀ, ਦਾਲਾਂ ਆਦਿ ਦੇ ਬੀਜਾਂ ਦੀ ਕਿਸਾਨਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਨਿਰੰਤਰ ਸਪਲਾਈ ਅਤੇ ਉੱਚ ਮਿਆਰ ਦੇ ਬੀਜਾਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਜਿਲ੍ਹੇ ਵਿਚ ਬਲਾਕ ਖੇਤੀਬਾੜੀ ਅਫਸਰਾਂ ਅਤੇ ਹੋਰ ਖੇਤੀਬਾੜੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨਾਂ ਟੀਮਾਂ ਵੱਲੋਂ ਮਿਤੀ 09.05.2020 ਤੋਂ ਜਿਲੇ ਦੇ ਬੀਜ ਵੇਚਣ ਵਾਲੇ ਡੀਲਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਬੀਜ ਡੀਲਰਾਂ ਤੋਂ ਸੀਡ ਐਕਟ ਅਧੀਨ ਵੱਖ-ਵੱਖ ਬੀਜਾਂ ਦੇ 27 ਸੈਂਪਲ ਕੁਆਲਟੀ ਚੈਕਿੰਗ ਲਈ ਭਰੇ ਗਏ ਹਨ ਅਤੇ ਇਹਨਾਂ ਨੂੰ ਟੈੇਸਟ ਕਰਾਉਣ ਲਈ ਸਬੰਧਤ ਬੀਜ ਪਰਖ ਪ੍ਰਯੋਗਸ਼ਾਲਾ ਨੂੰ ਭੇਜਿਆ ਗਿਆ ਹੈ। ਇਨ੍ਹਾਂ ਸੈਂਪਲਾਂ ਦੇ ਨਤੀਜੇ ਜਲਦ ਹੀ ਪ੍ਰਾਪਤ ਹੋ ਜਾਣਗੇ।
ਕਿਸਾਨਾਂ ਵੱਲੋਂ ਪੀ.ਆਰ ਕਿਸਮਾਂ ਦਾ ਬੀਜ ਆਪਣੇ ਪੱਧਰ ‘ਤੇ ਵੀ ਰੱਖਿਆ ਜਾਂਦਾ ਹੈ ਅਤੇ ਅਜਿਹੇ ਬੀਜਾਂ ਦੇ ਵੀ 29 ਸੈਂਪਲ ਲੈ ਕੇ ਮਿਆਰ ਚੈਕ ਕਰਨ ਲਈ ਵਿਭਾਗ ਵੱਲੋਂ ਆਪਣੇ ਖਰਚੇ ਤੇ ਸਬੰਧਤ ਬੀਜ ਪਰਖ ਪ੍ਰਯੋਗਸ਼ਾਲਾ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ ਡੀਲਰਾਂ ਦੇ ਸਟਾਕ ਰਜਿਸਟਰ , ਸੇਲ ਤੇ ਪ੍ਰਾਪਤੀ ਬਿੱਲ ਆਦਿ ਵੀ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰਾਂ ਦਾ ਮਾਲੀ ਨੁਕਸਾਨ ਨਾ ਹੋਵੇ।
ਮੁੱਖ ਖੇਤੀਬਾੜੀ ਅਫਸਰ ਸਾਹਿਬਜਾਦਾ ਅਜੀਤ ਸਿੰਘ ਨਗਰ ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਜਿਲ੍ਹੇ ਵਿਚ ਉਚਿਤ ਮਾਤਰਾ ਵਿਚ ਬੀਜ ਦੀ ਸਪਲਾਈ ਨੂੰ ਯਕੀਨੀ ਬਨਾਉਣ ਲਈ ਡੀਲਰਾਂ ਦੀ ਚੈਕਿੰਗ ਕੀਤੀ ਗਈ ਹੈ, ਜਿਸ ਅਨੁਸਾਰ ਬੀਜਾਂ ਦੀ ਕੋਈ ਘਾਟ ਨਹੀਂ ਹੈ ਅਤੇ ਲੋੜੀਂਦੀ ਮਾਤਰਾ ਵਿਚ ਬੀਜ ਵਾਜਬ ਰੇਟਾਂ ਤੇ ਉਪਲੱਬਧ ਹਨ। ਜਿੱਥੋਂ ਤੱਕ ਧਾਨ ਦੀਆਂ ਕਿਸਮਾਂ ਪੀ.ਆਰ-128 ਅਤੇ ਪੀ.ਆਰ.-129 ਦਾ ਸਬੰਧ ਹੈ ਬਾਰੇ ਉਨ੍ਹਾਂ ਕਿਹਾ ਕਿ ਇਹ ਇਸ ਸਾਲ ਪੀ.ਏ.ਯੂ.ਲੁਧਿਆਣਾ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਦੇ ਬੀਜ ਜਿਲ੍ਹੇ ਵਿਚ ਕਿਸੇ ਵੀ ਡੀਲਰ ਕੋਲ ਉਪਲੱਬਧ ਨਹੀਂ ਹਨ ਅਤੇ ਕਿਸਾਨਾਂ ਵੱਲੋਂ ਕਿ੍ਰਸੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ, ਰੋਪੜ , ਨਰਾਇਣਗੜ੍ਹ ਅਤੇ ਪੀ.ਏ.ਯੂ. ਲੁਧਿਆਣਾ ਪਾਸੋਂ ਇਸ ਬੀਜ ਦੀ ਖ੍ਰੀਦ ਕਰਕੇ ਇਨਾਂ ਕਿਸਮਾਂ ਦੀ ਤਜਰਬੇ ਦੇ ਤੌਰ ‘ਤੇ ਕਾਸ਼ਤ ਕੀਤੀ ਜਾ ਰਹੀ ਹੈ।
ਜਿਲ੍ਹਾ ਐਸ.ਏ.ਐਸ ਨਗਰ ਵਿੱਚ ਪਰਮਲ ਝੋਨੇ ਦਾ ਰਕਬਾ ਕਰੀਬ 28000 ਹੈਕਟੇਅਰ ਹੈ ਅਤੇ ਬਾਸਮਤੀ ਦਾ ਰਕਬਾ 1200 ਹੈਕਟੇਅਰ ਹੈ। ਇਸ ਰਕਬੇ ਲਈ ਲਗਭਗ 6000 ਕੁਇੰਟਲ ਬੀਜ ਲੋੜੀਂਦਾ ਹੈ।