10 ਅਕਤੂਬਰ ਨਿਹਾਲ ਸਿੰਘ ਵਾਲਾ
(ਕੁਲਦੀਪ ਗੋਹਲ ਮਿੰਟੂ ਖੁਰਮੀ )
ਕਿਸਾਨਾਂ ਵੱਲੋਂ ਜਿਥੇ ਖੇਤੀਬਾੜੀ ਵਿਰੋਧੀ ਬਿੱਲਾਂ ਨੂੰ ਲੈ ਕੇ ਰੋਸ ਧਰਨੇ ਸ਼ੁਰੂ ਕੀਤੇ ਹੋਏ ਹਨ ਉਥੇ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਦੇ ਲੰਬੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਲਕੇ ਦੇ ਕਿਸਾਨਾਂ ਵੱਲੋਂ ਪੱਤੋ ਹੀਰਾ ਸਿੰਘ ਦੇ ਬਿਜਲੀ ਗਰਿੱਡ ਅੱਗੇ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਵੱਖ-ਵੱਖ ਪਿੰਡਾਂ ਮਧੇਕੇ, ਸੈਦੋਕੇ,ਖਾਈ , ਗਾਜਿਆਣਾ, ਦੀਨਾ ਸਾਹਿਬ, ਪੱਤੋ ਹੀਰਾ ਸਿੰਘ , ਬਾਰੇਵਾਲਾ, ਮਾਣੂੰਕੇ ਗਿੱਲ, ਧੂੜਕੋਟ ਕਿਸਾਨਾਂ ਵੱਲੋਂ ਯੂਨੀਅਨਾਂ ਦੇ ਸਹਿਯੋਗ ਨਾਲ ਪੱਤੋ ਹੀਰਾ ਸਿੰਘ ਦੇ ਬਿਜਲੀ ਗਰਿੱਡ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ । ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਖੇਤੀ ਸੁਧਾਰ ਬਿੱਲ ਪਾਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ । ਦੂਜੇ ਪਾਸੇ ਪੰਜਾਬ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਨਸ਼ੇ ਨਾਲ ਪਾਵਰਕਾਮ ਵਿਭਾਗ ਰਾਹੀਂ ਬਿਜਲੀ ਦੇ ਕੱਟ ਲਗਵਾ ਕੇ ਕਿਸਾਨਾਂ ਦੀ ਪੱਕ ਰਹੀ ਫ਼ਸਲ ਬਰਬਾਦ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਜੇਕਰ ਪਾਵਰਕਾਮ ਵਿਭਾਗ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਹ ਧਰਨਾ ਪੱਕੇ ਤੌਰ ਤੇ ਲਗਾਇਆ ਜਾਵੇਗਾ । ਜਦੋਂ ਕਿਸਾਨਾਂ ਦੀ ਇਸ ਮੁਸ਼ਕਿਲ ਬਾਰੇ ਪਾਵਰਕਾਮ ਵਿਭਾਗ ਦੇ ਐੱਸ.ਡੀ.ਓ ਇੰਜ: ਅਭਿਸ਼ੇਕ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਥਰਮਲ ਪਲਾਂਟ ਵਿੱਚ ਲੋੜੀਂਦੇ ਕੋਲੇ ਵਿੱਚ ਰੁਕਾਵਟ ਆ ਰਹੀ ਹੈ,ਜਿਸ ਕਾਰਨ ਕਿਸਾਨਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਮੌਕੇ ਭੁਪਿੰਦਰ ਸਿੰਘ , ਰਾਜਾ ਸਿੰਘ, ਪਰਮਜੀਤ ਸਿੰਘ ,ਹਰਿੰਦਰਜੀਤ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ ।