ਮੋਗਾ 02 ਅਕਤੂਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ੍ਹ ਬਾਦਲ ਪਰਿਵਾਰ ਵੱਲੋਂ ਤਿੰਨਾਂ ਤਖ਼ਤ ਸਾਹਿਬਾਂ ਤੋਂ ਕੱਢਿਆ ਗਿਆ ਕਿਸਾਨ ਮਾਰਚ ਨਹੀਂ, ਸਗੋਂ ਰੋਡ ਸ਼ੋਅ ਸੀ। ਜਿਸ ਨਾਲ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਅਤੇ ਇਹ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਕਿਸਾਨਾਂ ਦਾ ਸੱਚਾ ਦਰਦੀ ਹੈ ਤਾਂ ਕਿਸਾਨਾਂ ਦੇ ਨਾਲ ਧਰਨੇ ਵਿੱਚ ਬੈਠਣਾ ਚਾਹੀਦਾ ਸੀ। ਰੋਡ ਸ਼ੋਅ ਕਰਕੇ ਬਾਦਲ ਪਰਿਵਾਰ ਆਪਣੀ ਗਵਾਚੀ ਹੋਈ ਰਾਜਨੀਤਿਕ ਜ਼ਮੀਨ ਤਲਾਸ਼ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੇ ਇਕੱਠ ਵਿੱਚ ਸਿਰਫ਼ ਪਹਿਰੇਦਾਰ ਹੀ ਸੀ ਅਤੇ ਅਕਾਲੀ ਦਲ ਦਾ ਪ੍ਰਚਾਰ ਹੀ ਹੋ ਰਿਹਾ ਸੀ ਪਰ ਪੰਜਾਬ ਦੇ ਵੋਟਰ ਬਹੁਤ ਸਿਆਣੇ ਹੋ ਗਏ ਹਨ, ਹੁਣ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸੇ ਰਾਹ ਤੇ ਚੱਲਦੇ ਹੋਏ ਕਾਂਗਰਸ ਵੀ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦਾ ਧਿਆਨ ਭਟਕਾ ਰਹੀ ਹੈ। ਰਾਹੁਲ ਗਾਂਧੀ ਦਾ ਰੋਡ ਸ਼ੋਅ ਇਸੇ ਲੜੀ ਦਾ ਹਿੱਸਾ ਹੈ। ਇਨ੍ਹਾਂ ਦੋਹਾਂ ਪਾਰਟੀਆਂ ਨੇ ਕਦੇ ਵੀ ਕਿਸਾਨਾਂ ਅਤੇ ਪੰਜਾਬ ਦਾ ਭਲਾ ਨਹੀਂ ਸੋਚਿਆ, ਸਿਰਫ਼ ਆਪਣੀਆਂ ਜੇਬਾਂ ਭਰੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਕਿਸਾਨਾਂ ਦੇ ਨਾਲ ਆਪਣੇ ਸਟੈਂਡ ਤੇ ਖੜ੍ਹੀ ਹੈ। ਦਿੱਲੀ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਧੀਆ ਮੁੱਲ ਮਿਲ ਰਿਹਾ ਹੈ ਅਤੇ ਉਥੇ ਸਵਾਮੀਨਾਥਨ ਰਿਪੋਰਟ ਵੀ ਲਾਗੂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਹਿਟਲਰਸ਼ਾਹੀ ਤੇ ਉੱਤਰ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨੀ ਮੁੱਦੇ ਤੇ ਅਕਾਲੀਆਂ ਅਤੇ ਕਾਂਗਰਸ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਨਹੀਂ ਤਾਂ ਲੋਕ 2022 ਵਿੱਚ ਇਨ੍ਹਾਂ ਦਾ ਪਿੰਡਾਂ ਵਿੱਚ ਵਿਰੋਧ ਕਰਨਗੇ ਅਤੇ ਇਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।