ਕੋਲਡ ਰੂਮ ਲਈ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ-ਜਤਿੰਦਰ ਸਿੰਘ
ਮੋਗਾ, 7 ਅਗਸਤ (ਜਗਰਾਜ ਸਿੰਘ ਗਿੱਲ, ਕੀਤਾ ਬਾਰੇਵਾਲ)
ਬਾਗਬਾਨੀ ਵਿਭਾਗ, ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਰਿਵਾਇਤੀ ਫ਼ਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫ਼ਲ, ਸਬਜ਼ੀਆਂ ਅਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਸ੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਵਿਭਾਗ ਵੱਲੋਂ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਖਾਸ ਤੌਰ ’ਤੇ ਛੋਟੇ ਅਤੇ ਸੀਮਾਂਤ ਜਿਮੀਦਾਰਾਂ ਲਈ ਉਨਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਅਧੀਨ ਪਾਸ ਕਰਵਾਈ ਗਈ ਹੈ।
ਇਸ ਸਕੀਮ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਇਸ ਕੋਲਡ ਰੂਮ ਜਿਸ ਦੀ ਸਮਰੱਥਾ ਲਗਭਗ 3 ਮੀਟਿ੍ਰਕ ਟਨ ਹੈ, ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫ਼ਸਲਾਂ ਵੱਖ-ਵੱਖ ਤਾਮਪਾਨ ਅਤੇ ਨਮੀ ’ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫ਼ਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਨਾਲ ਮਾਰਕੀਟ ਵਿੱਚ ਕਿਸਾਨ ਆਪਣੀ ਫ਼ਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦਾ ਹੈ।ਇਸ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ ਬਣਾਉਣ ’ਤੇ 1.50 ਲੱਖ ਰੁਪਏ ਭਾਵ 50 ਫੀਸਦੀ ਦੀ ਸਬਸਿਡੀ ਦਾ ਉਪਬੰਧ ਹੈ। ਏ.ਆਈ.ਐਫ. ਸਕੀਮ ਦੇ ਅਧੀਨ ਬੈਂਕ ਲੋਨ ਤੇ 3 ਫੀਸਦੀ ਵਿਆਜ ਦੀ ਛੋਟ ਦਿੱਤੀ ਜਾ ਰਹੀ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ ਨੇ ਸਮੂਹ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨਾਂ ਕਿਹਾ ਕਿ ਸਕੀਮ ਦਾ ਲਾਭ ਲੈਣ ਲਈ ਆਪਣੇ ਬਲਾਕ/ਜ਼ਿਲਾ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਕਿਸਾਨ ਡਾਇਰੈਕਟਰ, ਬਾਗਬਾਨੀ-ਕਮ-ਸਟੇਟ ਨੋਡਲ ਅਫ਼ਸਰ ਏ.ਆਈ.ਐਫ. ਸਕੀਮ ਦੇ ਮੋਬਾਇਲ ਨੰਬਰ 90560-92906 ਉੱਪਰ ਸੰਪਰਕ ਕਰ ਸਕਦੇ ਹਨ।