ਨਿਹਾਲ ਸਿੰਘ ਵਾਲਾ 15 ਜਨਵਰੀ (ਮਿੰਟੂ ਖੁਰਮੀ,ਕੁਲਦੀਪ ਸਿੰਘ) ਕਮਿਊਨਿਸਟ ਪਾਰਟੀ ਵੱਲੋਂ ਤਖਤੂਪੁਰਾ ਸਾਹਿਬ ਦੇ ਇਤਿਹਾਸਕ ਮੇਲੇ ਉੱਪਰ ਹਰ ਸਾਲ ਦੀ ਤਰ੍ਹਾਂ ਦੋ ਰੋਜ਼ਾ ਸਿਆਸੀ ਕਾਨਫਰੰਸ ਕੀਤੀ। ਕਾਮਰੇਡ ਮਹਿੰਦਰ ਸਿੰਘ ਧੂੜਕੋਟ, ਕਾਮਰੇਡ ਬਲਰਾਜ ਸਿੰਘ ਬੱਧਨੀ ਖੁਰਦ ਅਤੇ ਕਾਮਰੇਡ ਮਲਕੀਤ ਸਿੰਘ ਚੜਿੱਕ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਦੇਸ਼ ਦੇ ਆਮ ਲੋਕ, ਚਾਹੇ ਉਹ ਕਿਸੇ ਵੀ ਫਿਰਕੇ ਦੇ ਹੋਣ ਫਿਰਕੂ ਨਹੀਂ, ਫਿਰਕੂ ਭਾਜਪਾ ਦੀ ਸਿਆਸਤ ਹੈ। ਜੋ ਆਪਣੇ ਰਾਜ ਦੀਆਂ ਬੇਰੁਜ਼ਗਾਰੀ, ਖੁਦਕਸ਼ੀਆਂ, ਕਰਜਿਆਂ, ਮਹਿੰਗਾਈ ਜਿਹੀਆਂ ਨਾਕਾਮੀਆਂ ਨੂੰ, ਲੋਕਾਂ ਵਿੱਚ ਫਿਰਕੂ ਨਫ਼ਰਤ ਫੈਲ੍ਹਾ ਕੇ ਲਕੋਣ ਲਈ ਯਤਨਸ਼ੀਨ ਹੈ। ਦੇਸ਼ ਵਿੱਚ ਮੋਦੀ-ਸ਼ਾਹ ਦੀ ਜੁੰਡਲੀ ਨਾਗਰਿਕਤਾ ਸੋਧ ਜਿਹੇ ਕਾਨੂੰਨਾਂ ਰਾਹੀਂ ਲੋਕਾਂ ਦੇ ਰੋਹ ਨੂੰ ਜ਼ਬਰੀ ਦਬਾਉਣਾ ਚਾਹੁੰਦੀ ਹੈ। ਅੱਜ ਲੋੜ ਹੈ ਲੋਕ ਅਜਿਹੇ ਮਾਰੂ ਕਾਨੂੰਨਾਂ ਖਿਲਾਫ ਖੁੱਲ੍ਹ ਕੇ ਨਿੱਤਰਨ ਅਤੇ ਸਭਨਾਂ ਭਾਈਚਾਰਿਆਂ ਲਈ ਲੋੜਾਂ ਦੀ ਲੋੜ ਰੁਜ਼ਗਾਰ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਾ ਘੱਤਣ। ਉਹਨਾਂ ਹਾਜ਼ਰ ਲੋਕਾਂ ਕੋਲੋਂ ਹੱਥ ਖੜੇ ਕਰਵਾ ਕੇ ਪ੍ਰਵਾਨਗੀ ਲਈ ਕਿ ਪੰਜਾਬ ਦੇ ਸਾਰੇ ਵਿਧਾਇਕ, ਵਿਧਾਨ ਸਭਾ ਅੰਦਰ ਭਾਜਪਾ ਦੇ ਮਾਰੂ ਕਾਨੂੰਨਾਂ ਖਿਲਾਫ ਮਤਾ ਪਾਸ ਕਰਵਾਉਣ। ਇਸ ਮੌਕੇ ਸੰਬੋਧਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕੁਲਦੀਪ ਭੋਲਾ, ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਸਕੱਤਰ ਜਗਸੀਰ ਖੋਸਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਲੋਟੂ ਕਾਰਪੋਰੇਟ ਘਰਾਣਿਆਂ ਨੂੰ, ਮੁਲਕ ਦੀ ਜਾਇਦਾਦ ਲੁਟਾ ਰਹੀ ਹੈ ਅਤੇ ਲੋਕਾਂ ਕੋਲੋਂ ਰੁਜ਼ਗਾਰ ਮੰਗਣ, ਵੋਟ ਤੇ ਬੋਲਣ ਦੇ ਅਧਿਕਾਰ, ਨਾਗਰਿਕਤਾ ਸੋਧਣ ਬਹਾਨੇ ਖੋਹਣ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਕਦੇ ਵੀ ਸਰਕਾਰੀ ਜਬਰ ਅੱਗੇ ਨਹੀਂ ਝੁਕਣਗੇ, ਬਲਕਿ ਹਕੂਮਤਾਂ ਖਿਲਾਫ ਪੰਜਾਬੀਆਂ ਦੀ ਗੌਰਵਮਈ ਵਿਰਾਸਤ ਨੂੰ ਬਰਕਰਾਰ ਰੱਖਣਗੇ। ਆਗੂਆਂ ਨੇ ਵਿਦਿਆਰਥੀਆਂ- ਨੌਜਵਾਨਾਂ, ਮਜਦੂਰਾਂ-ਕਿਸਾਨਾਂ, ਔਰਤਾਂ ਅਤੇ ਹੋਰਨਾਂ ਲੋਕਾਂ ਵੱਲੋਂ ਦੇਸ਼ ਅੰਦਰ ਆਪਣੀਆਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ, ਲੋਕਾਂ ਨੂੰ ਆਪਣਾ ਘੋਲ ਜਾਰੀ ਰੱਖਣ ਦੀ ਅਪੀਲ ਕੀਤੀ। ਕਮਿਊਨਿਸਟ ਪਾਰਟੀ ਦੀ ਰਾਜਸੀ ਕਾਨਫਰੰਸ ਤੋਂ ਸਵਰਨ ਸਿੰਘ ਦੀ ਅਗਵਾਈ ਵਿੱਚ ਇਨਕਲਾਬੀ ਕਵੀਸ਼ਰ ਜੱਥਾ ਰਸੂਲਪੁਰ, ਹਰਭਜਨ ਸਿੰਘ ਭੱਟੀ ਬਿਲਾਸਪੁਰ, ਰਾਮ ਸਿੰਘ ਹਠੂਰ, ਇਕਬਾਲ ਸਿੰਘ ਭਾਗੀਕੇ ਨੇ ਆਪਣੇ ਗੀਤਾਂ ਰਾਹੀਂ ਸਰਕਾਰੀ ਦਹਿਸ਼ਤਗਰਦੀ ਨੂੰ ਵੰਗਾਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜਗਜੀਤ ਸਿੰਘ ਧੂੜਕੋਟ, ਸਿਕੰਦਰ ਸਿੰਘ ਮਧੇਕੇ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ, ਸੁਖਦੇਵ ਸਿੰਘ ਧਾਲੀਵਾਲ, ਸਬਰਾਜ ਢੁੱਡੀਕੇ, ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ ਬਿਲਾਸਪੁਰ, ਬੁੱਗਰ ਸਿੰਘ ਮਾਣੂੰਕੇ ਗੁਰਦਿੱਤ ਦੀਨਾ, ਸੁਖਦੇਵ ਭੋਲਾ, ਪੋਹਲਾ ਸਿੰਘ ਬਰਾੜ, ਮੰਗਤ ਬੁੱਟਰ, ਜੋਗਿੰਦਰ ਪਾਲੀ ਖਾਈ, ਗੁਰਦੇਵ ਸਿੰਘ ਕਿਰਤੀ, ਨਾਹਰ ਸਿੰਘ ਨੱਥੂਵਾਲਾ ਆਦਿ ਹਾਜ਼ਰ ਸਨ। ਸਟੇਜ ਦੀ ਕਾਰਵਾਈ ਇੰਦਰਜੀਤ ਦੀਨਾ ਨੇ ਚਲਾਈ।