ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵਿੱਤੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ – ਡਿਪਟੀ ਕਮਿਸ਼ਨਰ
– ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਜ਼ਿਲਾ ਪੱਧਰੀ ਸੈਮੀਨਾਰ ਆਯੋਜਿਤ
ਮੋਗਾ, 21 ਜੂਨ (ਜਗਰਾਜ ਸਿੰਘ ਗਿੱਲ) : ਬਾਗਬਾਨੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਜ਼ਿਲਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਕੇ.ਪੀ.ਐਮ.ਜੀ ਅਡਵਾਈਜਰੀ ਸਰਵਿਸ ਵਲੋਂ ਸ਼੍ਰੀਮਤੀ ਰਵਦੀਪ ਕੌਰ ਨੇ ਵੱਖ-ਵੱਖ ਬਾਗਬਾਨੀ ਖੇਤਰ ਨਾਲ ਸਬੰਧਿਤ ਕੋਲਡ ਸਟੋਰ ਮਾਲਕਾਂ, ਅਗਾਂਹਵਧੂ ਬਾਗਬਾਨਾਂ, ਬੈਕਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਐਗਰੀਕਲਚਰ ਇੰਨਫਰਾਸਟਰਕਚਰ ਫੰਡ ਸਕੀਮ ਬਾਰੇ ਦੱਸਿਆ ਕਿ ਇਸ ਸਕੀਮ ਅਧੀਨ ਫਲਾਂ ਅਤੇ ਹੋਰ ਫ਼ਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਵਾਸਤੇ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਵੇਅਰ ਹਾਊਸ, ਸਾਈਲੋਜ਼, ਈ-ਮਾਰਕੀਟਿੰਗ ਆਦਿ ਲਈ ਬੈਕਾਂ ਤੋਂ ਲਏ ਜਾਂਦੇ 2 ਕਰੋੜ ਤੱਕ ਦੇ ਕਰਜ਼ੇ ਦੇ ਵਿਆਜ ’ਤੇ 3 ਪ੍ਰਤੀਸ਼ਤ ਛੋਟ ਦਿੱਤੀ ਜਾਂਦੀ ਹੈ ਜੋ ਕਿ 7 ਸਾਲ ਦੇ ਸਮੇਂ ਤੱਕ ਲਾਗੂ ਹੁੰਦੀ ਹੈ।
ਇਸ ਮੌਕੇ ਸਕੀਮ ਨਾਲ ਜੁੜਨ ਲਈ ਬੈਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਉਨਾਂ ਕਿਹਾ ਕਿ ਜੇਕਰ ਬੈਕਾਂ ਨੂੰ ਇੰਨਾਂ ਸਕੀਮਾਂ ਦੀ ਜਾਣਕਾਰੀ ਨਹੀਂ ਹੁੰਦੀ ਤਾਂ ਬੈਂਕ ਕਿਸਾਨਾਂ ਦੀਆਂ ਫਾਇਲਾਂ ਦਾ ਨਿਪਟਾਰਾ ਨਹੀਂ ਕਰਦੇ, ਜਿਸ ਕਰਕੇ ਭਾਰਤ ਸਰਕਾਰ ਦੀ ਇਸ ਸਕੀਮ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਵਿੱਚ ਸਮੱਸਿਆ ਪੇਸ਼ ਆ ਰਹੀ ਹੈ। ਇਸ ਦੌਰਾਨ ਕਿਸਾਨ ਤੇ ਬੈਕਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਕਿ ਕਿਸਾਨ ਕਰਜ਼ਾ ਲੈਣ ਉਪਰੰਤ ਬੈਂਕ ਵੱਲੋਂ ਜਾਰੀ ਕਰਜ਼ਾ ਦਸਤਾਵੇਜ਼ ਅਤੇ ਡੀ.ਪੀ.ਆਰ. ਦੀ ਪੀ.ਡੀ.ਐਫ ਨੂੰ ਏ.ਆਈ.ਐਫ ਦੇ ਪੋਰਟਲ ’ਤੇ ਜਾ ਕੇ ਆਨਲਾਇਨ ਕਰ ਦਿੱਤਾ ਜਾਵੇ ਤਾਂ ਆਪਣੇ-ਆਪ ਹੀ 3 ਫੀਸਦੀ ਲੋਨ ’ਤੇ ਵਿਆਜ਼ ਨੂੰ ਘੱਟ ਕਰਨ ਲਈ ਲੋੜੀਂਦੀ ਕਾਰਵਾਈ ਚਾਲੂ ਹੋ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਸੰਬੰਧੀ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਛੁੱਕ ਅਰਜ਼ੀਕਰਤਾਵਾਂ ਦੀ ਏ.ਆਈ.ਐਫ ਦੇ ਪੋਰਟਲ ’ਤੇ ਜਾ ਕੇ ਆਨਲਾਇਨ ਐਂਟਰੀ ਖੁਦ ਕਰਾਉਣੀ ਯਕੀਨੀ ਬਣਾਉਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਬਾਗਬਾਨੀ ਦੀਆਂ ਸਕੀਮਾਂ ਅਪਣਾਉਣ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਵੱਲੋ ਕਿਸਾਨੀ ਨੂੰ ਲਾਹੇਵੰਦ ਧੰਦਾਂ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਵਿੱਤੀ ਸਹਾਇਤਾ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਨਵੀਆਂ ਤਕਨੀਕਾਂ ਅਤੇ ਬੈਕਾਂ ਨਾਲ ਜੁੜੇ ਹੋਏ ਲਾਭਾਂ ਦਾ ਫਾਇਦਾ ਉਠਾ ਕੇ ਆਪਣੀ ਆਮਦਨ ਵਧਾਇਆ ਜਾ ਸਕੇ। ਇਸ ਮੌਕੇ ਸਹਾਇਕ ਬਾਗਬਾਨੀ ਅਫਸਰ ਸ੍ਰ. ਮਲਕੀਤ ਸਿੰਘ, ਜ਼ਿਲਾ ਵਿਕਾਸ ਮੈਨੇਜਰ ਨਾਬਾਰਡ ਰਸ਼ੀਦ ਲੇਖੀ ਵੱਲੋ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ/ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ।