ਫਰੀਦਕੋਟ ਰੇਂਜ ‘ਆਪ੍ਰੇਸ਼ਨ ਪ੍ਰਹਾਰ 2.0’ ਦੌਰਾਨ ਗੈਂਗਸਟਰਾਂ ਤੇ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ

4 ਸਰਗਰਮ ਗੈਂਗਸਟਰਾਂ ਸਮੇਤ 296 ਮੋਸਟ ਵਾਂਟਡ ਗ੍ਰਿਫਤਾਰ, ਭਾਰੀ ਮਾਤਰਾ ‘ਚ ਨਸ਼ਾ ਤੇ ਹਥਿਆਰ ਬਰਾਮਦ

ਮੋਗਾ 11 ਫਰਵਰੀ / ਜਗਰਾਜ ਸਿੰਘ ਗਿੱਲ

ਫਰੀਦਕੋਟ ਰੇਂਜ ਫਰੀਦਕੋਟ ਵੱਲੋਂ “ਆਪ੍ਰੇਸ਼ਨ ਪ੍ਰਹਾਰ 2.0” ਤਹਿਤ ਗੈਂਗਸਟਰਾਂ ਅਤੇ ਅਪਰਾਧਕ ਗਿਰੋਹਾਂ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਨਿਲਾਂਬਰੀ ਜਗਦਲੇ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਦੀ ਅਪਰਾਧ ਮੁਕਤ ਪੰਜਾਬ ਦੀ ਮੁਹਿੰਮ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੁਹਿੰਮ ਚਲਾਈ ਗਈ।

ਉਨ੍ਹਾਂ ਦੱਸਿਆ ਕਿ ਮਿਤੀ 9 ਫਰਵਰੀ ਤੋਂ 11 ਫਰਵਰੀ 2026 ਤੱਕ ਫਰੀਦਕੋਟ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਅਪਰਾਧਕ ਗਿਰੋਹਾਂ ਨੂੰ ਤੋੜਨ ਲਈ ਵਿਆਪਕ ਛਾਪੇਮਾਰੀਆਂ ਕੀਤੀਆਂ ਗਈਆਂ। ਇਸ ਕਾਰਵਾਈ ਦਾ ਮੁੱਖ ਉਦੇਸ਼ ਗੈਂਗਸਟਰ ਨੈਟਵਰਕਾਂ ਨੂੰ ਨਸ਼ਟ ਕਰਕੇ ਲੋਕਾਂ ਦੀ ਸੁਰੱਖਿਆ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨਾ ਸੀ।

ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ 04 ਸਰਗਰਮ ਗੈਂਗਸਟਰਾਂ ਅਤੇ 114 ਮੋਸਟ ਵਾਂਟਡ ਮੁਲਜ਼ਮਾਂ ਨੂੰ ਰਾਊਂਡਅਪ ਕੀਤਾ ਗਿਆ। ਇਸ ਤੋਂ ਇਲਾਵਾ ਦਵਿੰਦਰ ਬੰਬੀਹਾ ਗੈਂਗ ਦੇ 04 ਸਰਗਰਮ ਮੈਂਬਰਾਂ ਸਮੇਤ ਕੁੱਲ 296 ਮੋਸਟ ਵਾਂਟਡ ਅਪਰਾਧੀਆਂ ਅਤੇ 29 ਪੀ.ਓਜ਼ (Proclaimed Offenders) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮੁਹਿੰਮ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿੱਚ ਨਸ਼ਾ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਜਿਸ ਵਿੱਚ 370 ਗ੍ਰਾਮ ਹੈਰੋਇਨ, 328 ਨਸ਼ੀਲੀਆਂ ਗੋਲੀਆਂ, 40 ਕਿਲੋ ਭੁੱਕੀ ਚੂਰਾ ਪੋਸਤ ਅਤੇ 900 ਗ੍ਰਾਮ ਗਾਂਜਾ ਸ਼ਾਮਲ ਹੈ। ਇਸ ਦੇ ਨਾਲ ਨਾਲ ਕਈ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਆਈ.ਜੀ. ਨਿਲਾਂਬਰੀ ਜਗਦਲੇ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਜਾਰੀ ਰੱਖੇਗੀ ਤਾਂ ਜੋ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਨਿਡਰ ਸੂਬਾ ਬਣਾਇਆ ਜਾ ਸਕੇ।

 

 

Leave a Reply

Your email address will not be published. Required fields are marked *