ਮੋਗਾ, 16 ਜੁਲਾਈ (ਜਗਰਾਜ ਗਿੱਲ ਮਨਪ੍ਰੀਤ ਮੋਗਾ )
ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਨੋਡਲ ਅਫ਼ਸਰ ਸਕਿੱਲ ਡਿਵੈੱਲਪਮੈਂਟ ਮੋਗਾ ਸ੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਚੱਲ ਰਹੇ ਸਕਿੱਲ ਸੈਂਟਰਾਂ ਵਿੱਚ ਵਰਲਡ ਸਕਿੱਲ ਡੇ 2021 ਮਨਾਇਆ ਗਿਆ।
ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਨੌਜਵਾਨਾਂ ਵਿੱਚ ਸਕਿੱਲ (ਹੁਨਰ) ਦੀ ਲੋੜ ਸਬੰਧੀ ਜਾਗਰੂਕਤਾ ਫੈਲਾਉਣ ਹਿੱਤ ਹਰੇਕ ਸਾਲ 15 ਜੁਲਾਈ ਨੂੰ ਵਰਲਡ ਸਕਿੱਲ ਡੇ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਹੁਨਰ ਮੁਕਾਬਲੇ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਪੱਧਰ ਤੇ ਮੁਕਾਬਲੇ ਆਯੋਜਿਤ ਹੋਣਗੇ। ਜ਼ਿਲ੍ਹਾ ਪੱਧਰ ਤੋਂ ਸਫਲ ਉਮੀਦਵਾਰ ਸਟੇਟ ਪੱਧਰ ਦੇ ਮੁਕਬਲੇ ਵਿੱਚ ਭਾਗ ਲੈਣਗੇ ਅਤੇ ਫਿਰ ਰਾਸ਼ਟਰੀ ਮੁਕਾਬਲੇ ਦੇ ਸਫ਼ਲ ਉਮੀਦਵਾਰ ਚੀਨ ਵਿੱਚ ਹੋਣ ਵਾਲੇ ਵਰਲਡ ਸਕਿੱਲ ਮੁਕਾਬਲੇ ਵਿੱਚ ਭਾਗ ਲੈਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਵਿੱਚ ਹੁਨਰ ਦਾ ਵਿਕਾਸ ਕਰਨ ਲਈ ਅੱਜ ਵਰਲਡ ਸਕਿੱਲ ਡੇ ਮੌਕੇ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ਜਿਵੇਂ ਕਿ ਫਸਟ ਕੰਪਿਉਟਰ ਮੋਗਾ, ਪ੍ਰਤਾਪ ਰੋਡ ਮੋਗਾ, ਰੂਰਲ ਸਕਿੱਲ ਸੈਟਰ ਚੜਿੱਕ, ਲਾਰਡ ਗਨੇਸ਼ ਇਸਚਿਊਟ ਬਾਘਾਪੁਰਾਣਾ, ਬੱਧਨੀਂ ਕਲਾਂ ਆਦਿ ਸਕਿੱਲ ਸੈਟਰਾਂ ਵਿੱਚ ਸੈਮੀਨਾਰ, ਕੁਇੱਜ਼ ਮੁਕਾਬਲੇ, ਪਲੇਸਮੈਂਟ ਡਰਾਈਵ ਆਦਿ ਗਤੀਵਿਧੀਆ ਕੀਤੀਆ ਗਈਆਂ।
ਜ਼ਿਲ੍ਹਾ ਮਿਸ਼ਨ ਮੈਨੇਜਮੈਂਟ ਦੇ ਅਧਿਕਾਰੀਆਂ ਬਲਾਕ ਮਿਸ਼ਨ ਮੈਨੇਜਰ ਮਨਪ੍ਰੀਤ ਕੌਰ ਅਤੇ ਬਲਾਕ ਮੈਨੇਜਰ ਮੋਬਲਾਇਜੇਸ਼ਨ ਪੁਛਰਾਜ ਝਾਜਰਾ ਨੇ ਉਕਤ ਗਤੀਵਿਧੀਆਂ ਦਾ ਨਿਰਖਣ ਕੀਤਾ ਅਤੇ ਨੌਜਵਾਨਾਂ ਨੂੰ ਅਪਣੀ ਸਕਿੱਲ ਦਾ ਵਿਕਾਸ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਜਿੰਦਗੀ ਵਿੱਚ ਕਾਮਯਾਬੀ ਦਾ ਇੱਕੋ ਇੱਕ ਮੰਤਰ ਹੁਨਰ ਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਹੁਨਰ ਪ੍ਰਾਪਤ ਕਰਕੇ ਇਸ ਵਿੱਚ ਲਗਾਤਾਰ ਨਿਖਾਰ ਲਿਆਉਣ ਦੇ ਯਤਨ ਵੀ ਜਾਰੀ ਰੱਖਣੇ ਚਾਹੀਦੇ ਹਨ।