ਮੋਗਾ, 22 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਫੈਸਲਾ ਕੀਤਾ ਗਿਆ ਹੈ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਬਣਾਉਣ ਲਈ ਇਕ ਹਫਤੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਅੱਜ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਇਹ ਕਾਰਡ ਬਣਵਾਉਣੇ ਯਕੀਨੀ ਬਣਾਉਣ।
ਉਹਨਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀ ਸੇਵਾ ਕੇਂਦਰ ਤੋਂ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਟਾਇਪ 1 ਸੇਵਾ ਕੇਂਦਰਾਂ ਉੱਤੇ ਇਹ ਸੇਵਾ 17 ਅਤੇ 22 ਫਰਵਰੀ ਤੋਂ ਸ਼ੁਰੂ ਹੋ ਗਈ ਹੈ।ਜਦਕਿ ਟਾਇਪ 3 ਸੇਵਾ ਕੇਂਦਰਾਂ ਉੱਤੇ ਇਹ ਸੇਵਾ 26 ਫਰਵਰੀ, 2021 ਤੋਂ ਉਪਲਬੱਧ ਹੋਵੇਗੀ।
ਉਨਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿੰਨਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨਾਂ ਦੇਰੀ ਇਹ ਕਾਰਡ ਬਣਵਾ ਲੈਣ। ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਹੁੰਦੇ ਹਨ ਅਤੇ ਇਹ ਸ਼ਨੀਵਾਰ ਨੂੰ ਵੀ ਖੁੱਲ੍ਹੇ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਕੰਮ ਲਈ ਸਬੰਧਤ ਵਿਭਾਗਾਂ ਨੂੰ ਕੈਂਪ ਲਗਾ ਕੇ ਕਾਰਡ ਬਣਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਸਹੂਲਤ ਸੇਵਾ ਕੇਂਦਰਾਂ ਤੋਂ ਇਲਾਵਾ ਜ਼ਿਲ੍ਹਾ ਮੋਗਾ ਦੇ 177 ਕਾਮਨ ਸਰਵਿਸ ਸੈਂਟਰਾਂ, 7 ਸਰਕਾਰੀ ਅਤੇ 22 ਨਿਜ਼ੀ ਹਸਪਤਾਲਾਂ ਵਿੱਚ ਵੀ ਮਿਲਦੀ ਹੈ। ਜਲਦੀ ਹੀ ਲੋਕਾਂ ਦੀ ਸਹੂਲਤ ਲਈ ਥਾਂ ਥਾਂ ਉੱਤੇ ਕੈਂਪ ਆਦਿ ਵੀ ਲਗਾਏ ਜਾਣਗੇ। ਲੋਕਾਂ ਨੂੰ ਇਸ ਸਹੂਲਤ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਵਿਸ਼ੇਸ਼ ਵੈਨ ਵੀ ਚਲਾਈ ਜਾਵੇਗੀ।
ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।