ਮੋਗਾ, 29 ਅਗਸਤ (ਜਗਰਾਜ ਸਿੰਘ ਗਿੱਲ)
ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਗਰਾਮ ਸਵਰਾਜ ਅਭਿਆਨ ਸਕੀਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਪੰਚਾਇਤਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਅਤੇ ਪਿੰਡਾਂ ਦੇ ਸਾਂਝੇ ਕੰਮਾਂ ਨੂੰ ਇੱਕ ਜਗ੍ਹਾ ਉੱਪਰ ਵਿਚਾਰਨ ਦੇ ਮਕਸਦ ਨਾਲ ਪੰਚਾਇਤ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਮੋਗਾ ਸ੍ਰੀ ਰਾਜੇਸ਼ ਕਾਂਸਲ ਨੇ ਦੱਸਿਆ ਇਸ ਸਕੀਮ ਅਧੀਨ ਬਲਾਕ ਬਾਘਾਪੁਰਾਣਾ ਦੇ ਤਿੰਨ ਪਿੰਡ ਕਾਲੇਕੇ, ਸੰਗਤਪੁਰਾ, ਬੰਬੀਹਾ ਭਾਈ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਤਿੰਨ ਪਿੰਡ ਦੀਨਾ ਸਾਹਿਬ, ਗਾਜੀਆਣਾ ਅਤੇ ਖੋਟੇ ਵਿਖੇ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਨਵੇ ਪੰਚਾਇਤ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਉੱਪਰ 80 ਫੀਸਦੀ ਫੰਡ ਗਰਾਂਟ ਰਾਹੀ ਅਤੇ 20 ਫੀਸਦੀ ਮਗਨਰੇਗਾ ਫੰਡਜ਼ ਵਿੱਚ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਪੰਚਾਇਤ ਘਰਾਂ ਉੱਪਰ 25-25 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਉਪਰੋਕਤ ਪੰਚਾਇਤ ਘਰ ਲਗਭਗ ਦਸੰਬਰ, 2020 ਵਿੱਚ ਬਣ ਕੇ ਤਿਆਰ ਹੋ ਜਾਣਗੇ ਜਿਹਨਾਂ ਵਿੱਚ ਪਿੰਡ ਵਾਸੀਆਂ ਨੂੰ ਪੰਚਾਇਤੀ ਸੁਵਿਧਾਵਾਂ ਪ੍ਰਾਪਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਤੀ ਇੱਕ ਪੰਚਾਇਤ ਘਰਾਂ ਨੂੰ ਇਸ ਤਰੀਕੇ ਨਾਲ ਉਸਾਰਿਆ ਜਾ ਰਿਹਾ ਹੈ ਕਿ ਇਸ ਵਿੱਚ ਘੱਟ ਤੋ ਘੱਟ 100 ਵਿਅਕਤੀ ਬੈਠ ਕੇ ਪੰਚਾਇਤੀ ਕੰਮਾਂ ਅਤੇ ਫੈਸਲਿਆਂ ਬਾਰੇ ਵਿਚਾਰ ਚਰਚਾ ਕਰ ਸਕਣ। ਇਨ੍ਹਾਂ ਇਮਾਰਤਾਂ ਵਿੱਚ ਆਈ.ਟੀ. ਰੂਮ., ਰਸੋਈ ਘਰ, ਮਰਦ ਅਤੇ ਔਰਤਾਂ ਲਈ ਵੱਖਰੇ-ਵੱਖਰੇ ਪਖਾਨੇ ਸਥਾਪਿਤ ਕਰਕੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਉਸਾਰਿਆ ਜਾ ਰਿਹਾ ਹੈ। ਇਨ੍ਹਾਂ ਬਿਲਡਿੰਗਾਂ ਵਿੱਚ ਗਰਾਮ ਸਭਾ ਦੀਆਂ ਮੀਟਿੰਗਾਂ ਅਤੇ ਸਾਂਝੇ ਮਸਲੇ ਹੱਲ ਕੀਤੇ ਜਾ ਸਕਣੇ।
ਸ੍ਰੀ ਕਾਂਸਲ ਨੇ ਦੱਸਿਆ ਕਿ ਇਨ੍ਹਾਂ ਪੰਚਾਇਤ ਘਰਾਂ ਦੇ ਨਿਰਮਾਣ ਨਾਲ ਪਿੰਡ ਵਾਸੀਆਂ ਦੇ ਖੁਸ਼ੀ ਅਤੇ ਗਮੀ ਦੇ ਕਾਰਜ ਜਿਵੇ ਕਿ ਵਿਆਹ ਸ਼ਾਦੀਆਂ ਅਤੇ ਭੋਗ ਦੇ ਪ੍ਰੋਗਰਾਮ ਇਸ ਵਿੱਚ ਕੀਤੇ ਜਾ ਸਕਣਗੇ, ਜਿਸ ਨਾਲ ਹਰ ਵਰਗ ਦੇ ਪਰਿਵਾਰ/ਪਿੰਡ ਵਾਸੀਆਂ ਨੂੰ ਇਨ੍ਹਾਂ ਕਾਰਜਾਂ ਦੇ ਵਾਧੂ ਖਰਚ ਤੋ ਛੁਟਕਾਰਾ ਮਿਲੇਗਾ ਅਤੇ ਨਾਲ ਹੀ ਭਾਈਚਾਰਕ ਸਾਂਝ ਵੀ ਇਨ੍ਹਾਂ ਪੰਚਾਇਤ ਘਰਾਂ ਨਾਲ ਮਜ਼ਬੂਤ ਹੋਵੇਗੀ। ਇਹ ਕੰਮ 31 ਦਸੰਬਰ 2020 ਤੱਕ ਮੁਕੰਮਲ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਜਿ਼ਲ੍ਹੇ ਦੇ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਪੰਚਾਇਤ ਘਰਾਂ ਦਾ ਨਿਰਮਾਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।