ਪੰਜਾਬ ਵਿੱਚ ਮੁੜ੍ਹ ਰੇਲਾਂ ਚੱਲਣ ਦਾ ਆੜਤੀਆ ਐਸੋਸੀਏਸ਼ਨ ਵੱਲੋਂ ਸਵਾਗਤ

ਸੂਬੇ ਦੀ ਆਰਥਿਕਤਾ ਮੁੜ੍ਹ ਲੀਹ ਉਤੇ ਆਵੇਗੀ /ਪ੍ਰਧਾਨ ਆੜਤੀਆ ਐਸੋਸੀਏਸ਼ਨ ਮੋਗਾ

ਮੋਗਾ, 24 ਨਵੰਬਰ /ਜਗਰਾਜ ਸਿੰਘ ਗਿੱਲ/

ਪੰਜਾਬ ਵਿੱਚ ਰੇਲਾਂ ਦੇ ਮੁੜ੍ਹ ਚੱਲਣ ਦਾ ਜਿੱਥੇ ਵੱਖ ਵੱਖ ਵਰਗਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਦੇ ਆੜਤੀਆ ਭਾਈਚਾਰੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਇਸ ਵਰਗ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਰੁਕੀ ਹੋਈ ਆਰਥਿਕਤਾ ਮੁੜ੍ਹ ਲੀਹ ਉਤੇ ਆਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਆੜਤੀਆ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸ੍ਰ ਰਣਬੀਰ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਰੁਕਣ ਨਾਲ ਸੂਬੇ ਦੀ ਆਰਥਿਕਤਾ ਵੀ ਰੁਕ ਗਈ ਸੀ। ਜਿੱਥੇ ਸਨਅਤਾਂ ਬੰਦ ਹੋਣ ਕਿਨਾਰੇ ਹੋ ਗਈਆਂ ਸਨ ਉਥੇ ਹੀ ਸੂਬੇ ਦੀ ਖੇਤੀਬਾੜੀ ਉਤੇ ਵੀ ਮਾੜਾ ਅਸਰ ਪੈਣ ਲੱਗਾ ਸੀ। ਉਹਨਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਨਵੀਂ ਫਸਲ ਨੂੰ ਭੰਡਾਰ ਕਰਨ ਵਿੱਚ ਵੱਡਾ ਸੰਕਟ ਪੈਦਾ ਹੋਣ ਦਾ ਖਦਸ਼ਾ ਬਣ ਗਿਆ ਸੀ। ਇਸ ਨਾਲ ਸੂਬੇ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਵੱਡੀ ਸੱਟ ਵੱਜ ਸਕਦੀ ਸੀ। ਮਾਲ ਗੱਡੀਆਂ ਨਾ ਚੱਲਣ ਕਾਰਨ ਜਿੱਥੇ ਬਾਰਦਾਨਾ ਨਹੀਂ ਪਹੁੰਚ ਰਿਹਾ ਸੀ ਉਥੇ ਹੀ ਸ਼ੈੱਲਰਾਂ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਲਗਭਗ ਰੁਕ ਹੀ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਾਰਦਾਨਾ ਕੋਲਕਾਤਾ ਤੋਂ ਆਉਂਦਾ ਹੈ, ਜੋ ਰੇਲਾਂ ਦੀ ਆਵਾਜਾਈ ਰੁਕਣ ਕਰਕੇ ਨਹੀਂ ਆ ਰਿਹਾ ਸੀ। ਉਹਨਾਂ ਕਿਹਾ ਕਿ ਰੇਲਾਂ ਦੀ ਆਵਾਜਾਈ ਰੁਕਣ ਨਾਲ ਬਾਹਰੀ ਰਾਜਾਂ ਨੂੰ ਕਣਕ ਭੇਜਣ ਵਿੱਚ ਵੀ ਭਾਰੀ ਦਿੱਕਤ ਆ ਰਹੀ ਸੀ। ਸਪੈਸ਼ਲ ਨਾ ਲੱਗਣ ਕਾਰਨ ਸ਼ੈੱਲਰਾਂ ਵਿੱਚ ਪੁਰਾਣੀ ਕਣਕ ਦੇ ਅੰਬਾਰ ਲੱਗੇ ਪਏ ਸਨ। ਜੇਕਰ ਰੇਲਾਂ ਨਾ ਰੁਕਦੀਆਂ ਤਾਂ ਇਹ ਸ਼ੈੱਲਰ ਹੁਣ ਤੱਕ ਖਾਲੀ ਹੋ ਜਾਣੇ ਸੀ ਪਰ ਇਸ ਵਾਰ ਇਹ ਹਾਲੇ ਤੱਕ ਨਹੀਂ ਹੋ ਸਕਿਆ ਹੈ। ਇਹ ਕਣਕ ਹੋਰਾਂ ਰਾਜਾਂ ਨੂੰ ਭੇਜਣ ਲਈ ਰੇਲਾਂ ਦਾ ਚੱਲਣਾ ਬਹੁਤ ਜਰੂਰੀ ਹੈ। ਸ੍ਰ ਲਾਲੀ ਨੇ ਉਮੀਦ ਜਤਾਈ ਕਿ ਹੁਣ ਜਦ ਇਹ ਰੇਲਾਂ ਚਲ ਪਈਆਂ ਹਨ ਤਾਂ ਜਿੱਥੇ ਕਿਸਾਨਾਂ ਨੂੰ ਫਸਲਾਂ ਲਈ ਯੂਰੀਆ ਅਤੇ ਹੋਰ ਖਾਦਾਂ ਮਿਲਣ ਲਗਣਗੀਆਂ ਉੱਥੇ ਹੀ ਮਜਦੂਰਾਂ ਨੂੰ ਵੀ ਨਿੱਤ ਦਿਨ ਦਾ ਰੋਜ਼ਗਾਰ ਮਿਲਣ ਲੱਗੇਗਾ।

Leave a Reply

Your email address will not be published. Required fields are marked *