ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਂ ਉੱਤੇ ਚੇਅਰ ਸਥਾਪਿਤ ਕਰਨ ਬਾਰੇ ਹੋਈ ਸਹਿਮਤੀ
ਮੋਗਾ, 4 ਜੂਨ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ) – ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ‘ਜੀਵਨ’ ਫਲਸਫੇ ‘ਤੇ ਡਾਕਟਰ ਆਫ ਫਿਲੋਸਫੀ ਦੀ ਪੜਾਈ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਡਾ ਰਾਗਿਨੀ ਸ਼ਰਮਾ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਮੋਗਾ ਸਥਿਤ ਉਨ੍ਹਾ ਦੇ ਘਰ ਪਹੁੰਚੇ।
ਚੇਤੇ ਰਹੇ ਕਿ ਸਿੱਖ ਇਤਿਹਾਸ ‘ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਵੱਡਿਆਉਂਣ ਅਤੇ ਅਜੋਕੀ ਪੀੜੀ ਨੂੰ ਭਾਈ ਜੈਤਾ ਜੀ ਦੇ ਜੀਵਨ ਫਲਸਫੇ ਬਾਰੇ ਭਰਪੂਰ ਜਾਣਕਾਰੀ ਦੇਣ ਦਾ ਸ਼ਲਾਘਾਯੋਗ ਉਪਰਾਲਾ ਕਰਨ ਬਦਲੇ ਡਾ ਸਿਆਲਕਾ ਨੇ ਡਾ ਰਾਗਿਨੀ ਨੂੰ ਦੌਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ੳਪਰੰਤ ਡਾ ਸਿਆਲਕਾ ਨੇ ਡਾ ਰਾਗਿਨੀ ਦੇ ਪ੍ਰਸਤਾਵ ਤੇ ਚਰਚਾ ਕਰਦਿਆਂ ਇਸ ਗੱਲ ਦੀ ਹਾਮੀ ਭਰੀ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾ ‘ਤੇ ‘ਚੇਅਰ’ ਸਥਾਪਿਤ ਕਰਵਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਬਣਦੀ ਭੂਮਿਕਾ ਨਿਭਾਏਗਾ।
ਡਾ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਮਜ੍ਹਬੀ ਸਿੱਖ ਸਮਾਜ ਨੂੰ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਾਰਮਿਕ ਯੂਨੀਵਰਸਿਰਟੀ ਦੀ ਖਾਸ ਜ਼ਰੂਰਤ ਹੈ। ਉਨ੍ਹਾ ਨੇ ਕਿਹਾ ਕਿ ਉਹ ਕਮਿਸ਼ਨ ਦੇ ਮੈਂਬਰ ਵਜੋਂ ਅਤੇ ਦਲਿਤ ਲੀਡਰ ਦੇ ਤੌਰ ’ਤੇ ਸਿਆਸੀ ਰਸੂਖ ਵਰਤ ਕੇ ਰਾਜ ਸਰਕਾਰ ਨੂੰ ਪ੍ਰੇਰਿਤ ਕਰਨਗੇ ਕਿ ਪੰਜਾਬ ਯੂਨੀਵਰਸਿਰੀ ਪਟਿਆਲਾ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਂ ‘ਤੇ ਚੇਅਰ ਸਥਾਪਿਤ ਕਰਵਾਈ ਜਾਵੇਗੀ ਤਾਂ ਕਿ ਡਾ ਰਾਗਿਨੀ ਸ਼ਰਮਾ ਆਪਣੇ ਟੀਚੇ ਨੂੰ ਮੁਕੰਮਲ ਕਰਕੇ ਸਿੱਖ ਸਮਾਜ ਦਾ ਅਨਿੱਖੜਵਾਂ ਅੰਗ ਮੰਨੇ ਜਾਂਦੇ ਗੁਰੁ ਕੇ ਰੰਘਰੇਟਿਆਂ ਦੀ ਕੁਰਬਾਨੀ ਅਤੇ ਦਿੱਤੀਆਂ ਸ਼ਹਾਦਤਾਂ ਦੀ ਮਹੱਤਤਾ ਤੋਂ ਅਜੋਕੇ ਜੁੱਗ ਨੂੰ ਜਾਗਰੂਕ ਕਰਨ ਸਕਣ।
ਡਾ ਸਿਆਲਕਾ ਨਾਲ ਇਸ ਮੌਕੇ ਡਾ ਸ਼ਰਮਾ ਨੇ ਕੌਂਮੀ ਵਿਚਾਂਰਾਂ ਕੀਤੀਆਂ ਅਤੇ ਖੋਜ ਕਾਰਜਾਂ ਨੂੰ ਸੰਪੰਨ ਕਰਨ ਦੇ ਰਸਤੇ ‘ਚ ਆ ਰਹੀਆਂ ‘ਅੜਚਣਾ’ ਤੋਂ ਵੀ ਜਾਣੂ ਕਰਵਾਇਆ।
ਇਸ ਮੀਟਿੰਗ ਦੌਰਾਨ ਡਾ ਤਰਸੇਮ ਸਿੰਘ ਸਿਆਲਕਾ ਨੇ ਡਾ ਰਾਗਿਨੀ ਨੂੰ ਭਰੋਸਾ ਦਿੱਤਾ ਕਿ ਉਹ ਮਜ੍ਹਬੀ ਸਿੱਖ ਸਮਾਜ ਦੀ ਧ੍ਰੋਹਰ ਮੰਨੀਆਂ ਜਾਂਦੀਆਂ ਮਿਸਲਾਂ ਜੋ ਕਿ ਸਮਾਜ ਦੇ ਹੱਥ ਨਹੀਂ ਲੱਗ ਸਕੀਆਂ ਹਨ, ਮਿਸਲਾ ਦੀ ਖੋਜ ਕਰਕੇ ਮੁੜ ਸਿੱਖ ਇਤਿਹਾਸ ‘ਚ ਮੱਜ੍ਹਬੀ ਸਿੱਖ ਰੰਘਰੇਟਿਆਂ ਦਾ ਝੰਡਾ ਬੁਲੰਦ ਕੀਤਾ ਜਾਵੇ।ਇਸ ਮੌਕੇ ਅਕਾਦਿਮਕ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਲੈ ਕੇ ਰਣਨੀਤੀ ਬਣੀ ਅਤੇ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ।ਇਸ ਮੌਕੇ ਸ੍ਰ ਰਾਜਿੰਦਰ ਸਿੰਘ ਮੋਗਾ, ਹੁਸਨਪ੍ਰੀਤ ਸਿੰਘ ਸਿਆਲਕਾ, ਪੀਆਰਓ ਸਤਨਾਮ ਸਿੰਘ ਗਿੱਲ,ਸ਼ਿਵਜੋਤ ਸਿੰਘ ਸਿਆਲਕਾ ਆਦਿ ਵੀ ਹਾਜਰ ਸਨ।