– ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗ਼ਾਰ ਸਿੱਧ ਹੋਵੇਗੀ – ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਧਿਰਾਂ ਨੂੰ ਵਧਾਈ
ਮੋਗਾ, 3 ਜੂਨ ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਜ਼ਿਲ੍ਹਾ ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਚੁਣਿਆ ਗਿਆ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਤਿੰਨ ਸਕੂਲਾਂ ਨੂੰ ਚੁਣਿਆ ਗਿਆ ਹੈ, ਜਿਹਨਾਂ ਵਿਚ 5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ ਦੀ ਸੂਚੀ ਵਿਚ ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), 7.5 ਲੱਖ ਦਾ ਪੁਰਸਕਾਰ ਲੈਣ ਵਾਲੇ ਹਾਈ ਸਕੂਲ ਦੀ ਸੂਚੀ ਵਿੱਚ ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ) ਅਤੇ 10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸੂਚੀ ਵਿੱਚ ਜੀਐਸਐਸ ਖੋਸਾ ਕੋਟਲਾ (ਮੋਗਾ) ਨੂੰ ਰੱਖਿਆ ਗਿਆ ਹੈ।
ਉਹਨਾਂ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ।
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜ਼ਰ ਆ ਰਹੇ ਹਨ।
ਸ੍ਰੀ ਹੰਸ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ। ਸ਼੍ਰੀ ਹੰਸ ਨੇ ਸਮੂਹ ਅਧਿਕਾਰੀਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ।