ਪੰਜਾਬ ਦੇ ਰਾਜਪਾਲ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਦਾ ਤਗ਼ਮੇ ਤੇ ਸਰਟੀਫਿਕੇਟ ਨਾਲ ਸਨਮਾਨ

ਸਿਹਤ , ਸਿੱਖਿਆ , ਖੇਤੀਬਾੜੀ ਦੇ ਖੇਤਰ ਵਿੱਚ ਮੋਗਾ ਜ਼ਿਲ੍ਹੇ ਨੇ ਮਾਰੀ ਬਾਜ਼ੀ 

6 ਮਾਪਦੰਡਾਂ ਵਿੱਚੋਂ 4 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਮੋਗਾ ਪੰਜਾਬ ਭਰ ਵਿੱਚੋਂ ਮੋਹਰੀ 

ਮੋਗਾ/ਚੰਡੀਗੜ੍ਹ , 21  ਫਰਵਰੀ

ਜਗਰਾਜ ਸਿੰਘ ਗਿੱਲ 

ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਐਂਡ ਬਲਾਕ ਪ੍ਰੋਗਰਾਮ ਤਹਿਤ ਚਲਾਏ ਗਏ “ ਸੰਪੂਰਨਤਾ ਅਭਿਆਨ “ ਦੇ ਵੱਖ ਵੱਖ ਖੇਤਰਾਂ ਸਿਹਤ , ਸਿੱਖਿਆ ਤੇ ਖੇਤੀਬਾੜੀ ਵਿੱਚ ਸਰਬੋਤਮ ਪ੍ਰਦਰਸ਼ਨ ਕਰਕੇ ਮੋਗਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ ।

 

ਇਸ ਪ੍ਰਾਪਤੀ ਸਬੰਧੀ ਅੱਜ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੂੰ ਸਰਬੋਤਮ ਕਾਰਗੁਜ਼ਾਰੀ ਲਈ ਤਗ਼ਮੇ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ।

ਨੀਤੀ ਆਯੋਗ ਵੱਲੋਂ ਚਲਾਏ ਗਏ “ਸੰਪੂਰਨਤਾ ਅਭਿਆਨ “ ਤਹਿਤ ਵੱਖ ਵੱਖ ਜ਼ਿਲਿਆਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ 6-6 ਇੰਡੀਕੇਟਰਜ ਨੂੰ ਪ੍ਰਾਪਤ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿਚ ਮੁੱਖ ਤੌਰ ‘ਤੇ ਸਿਹਤ , ਸਿੱਖਿਆ, ਖੇਤੀਬਾੜੀ, ਸਮਾਜਿਕ ਵਿਕਾਸ ਤਹਿਤ ਜ਼ਮੀਨੀ ਪੱਧਰ ‘ਕੰਮ ਕਰਕੇ ਵਿਆਪਕ ਸੁਧਾਰ ਲਿਆਉਣਾ ਸੀ ।

ਜ਼ਿਲ੍ਹਾ ਮੋਗਾ ਵੱਲੋਂ ਜ਼ਿਲ੍ਹਾ ਪੱਧਰ ਤੇ 6 ਵਿੱਚੋਂ 4 ਇੰਡੀਕੇਟਰ ਅਤੇ ਬਲਾਕ ਪੱਧਰ ਤੇ 6 ਵਿੱਚੋਂ 4 ਇੰਡੀਕੇਟਰ ਨੂੰ ਪ੍ਰਾਪਤ ਕਰਨ ਦਾ ਟਾਰਗੇਟ ਹਾਸਿਲ ਕੀਤਾ ਗਿਆ ਸੀ, ਜੋ ਕਿ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਸੀ ।

ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਸਨਮਾਨ ਪ੍ਰਾਪਤੀ ਉਪਰੰਤ ਕਿਹਾ ਕਿ “ ਇਹ ਮੋਗਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਵੱਖ – ਵੱਖ ਖੇਤਰਾਂ ਵਿੱਚ ਲੋਕ ਭਲਾਈ ਤੇ ਵਿਕਾਸ ਮੁਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਮਿਲੀ ਹੈ “।

ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਨੇ 9-11 ਸਾਲ ਦੇ ਬੱਚਿਆਂ ਦੇ ਮੁਕੰਮਲ ਟੀਕਾਕਰਨ, ਗਰਭਵਤੀ ਔਰਤਾਂ ਨੂੰ ਸੰਪੂਰਨ ਭੋਜਨ ਮੁਹੱਈਆ ਕਰਵਾਉਣਾ , ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਕਿਤਾਬਾਂ ਪ੍ਰਦਾਨ ਕਰਨਾ , ਸਕੂਲਾਂ ਵਿੱਚ ਬਿਜਲੀ ਦੇ ਸੁਚੱਜੇ ਪ੍ਰਬੰਧ ਤੇ ਖੇਤੀਬਾੜੀ ਖੇਤਰ ਵਿੱਚ ਸੋਇਲ ਹੈਲਥ ਕਾਰਡ ਬਣਾਕੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਮੁਤਾਬਿਕ ਤੱਤਾਂ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ਵਿੱਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਿਖਾਈ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਤੇ ਵਾਸੀਆਂ ਨੂੰ ਹੋਰ ਸਮਰਪਣ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗੀ ।

 

Leave a Reply

Your email address will not be published. Required fields are marked *