ਪਿੰਡ ਦੀਆਂ ਪੰਚਾਇਤਾਂ ਨਾਲ ਕਰੋਨਾ ਸਬੰਧੀ ਮੀਟਿੰਗ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ
ਅਜੀਤਵਾਲ, ( ਜਗਰਾਜ ਗਿੱਲ,ਮਨਪ੍ਰੀਤ ਮੋਗਾ)
ਕਮਿਊਨਿਟੀ ਸਿਹਤ ਕੇਂਦਰ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋਨਾ ਦੀ ਸੈਂਪਲਿੰਗ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਵਿੱਰੁਧ ਖੜ੍ਹੇ ਹੋਣ ਕਾਰਨ ਕਰੋਨਾ ਦੀ ਸੈਂਪਲਿੰਗ ਵਿੱਚ ਸ਼ਲਾਘਾਯੋਗ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੁੱਝ ਗੈਰ ਸਮਾਜੀ ਲੋਕਾਂ ਵੱਲੋਂ ਕਰੋਨਾ ਸੈਂਪਲਿੰਗ ਸਬੰਧੀ ਕੀਤੇ ਝੂਠੇ ਪ੍ਰਚਾਰ ਦੇ ਕਾਰਨ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਸੀ। ਇਸ ਸਥਿਤੀ ਨੂੰ ਸੰਭਾਲਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੰਜਾਬ ਸਰਕਾਰ ਵੱਲੋ ਵਿੱਢੇ ਮਿਸ਼ਨ ਫਤਹਿ ਤਹਿਤ ਲਗਾਤਾਰ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਅਤੇ ਆਮ ਲੋਕਾਂ ਨਾਲ ਰਾਬਤਾ ਕਰ ਰਹੀਆਂ ਹਨ। ਅਤੇ ਇਸ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਲਈ ਪਿੰਡ ਦੀਆਂ ਪੰਚਾਇਤਾਂ ਨੇ ਵੱਡਾ ਹੰਭਲਾ ਮਾਰਿਆ ਅਤੇ ਲੋਕਾਂ ਨੂੰ ਸੈਂਪਲਿੰਗ ਲਈ ਉਤਾਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਲੋਕਾਂ ਦੇ ਮਨਾਂ ਵਿੱਚ ਬੈਠਿਆ ਡਰ ਦੂਰ ਹੋਇਆ ਹੈ ਅਤੇ ਹੁਣ ਵੱਡੀ ਗਿਣਤੀ ਵਿੱਚ ਲੋਕ ਸੈਂਪਲਿੰਗ ਲਈ ਅੱਗੇ ਆਉਣੇ ਸ਼ੁਰੂ ਹੋਏ ਹਨ।
ਇਸ ਮੌਕੇ ਬੋਲਦਿਆਂ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਕਿਹਾ ਕਿ ਕਰੋਨਾ ਸਬੰਧੀ ਫੈਲੀਆਂ ਅਫ਼ਵਾਹਾਂ ਨੂੰ ਦਰਕਿਨਾਰ ਕਰਨਾ ਹੀ ਲੋਕ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦੇ ਮਨ ਵਿੱਚ ਇਹ ਧਾਰਨਾ ਬਣ ਚੁੱਕੀ ਸੀ ਕਿ ਸਾਹ ਲੈਣ ਵਿੱਚ ਆਉਂਦੀ ਸਮੱਸਿਆ ਆਦਿ ਤੋਂ ਬਾਅਦ ਹੀ ਸੈਂਪਲਿੰਗ ਕਰਵਾਉਣ ਦਾ ਲਾਭ ਹੈ ਜਦਕਿ ਅਸਲ ਵਿੱਚ ਸਾਹ ਲੈਣ ਵਰਗੀ ਸਮੱਸਿਆ ਵਿਅਕਤੀ ਨੂੰ ਦੂਜੀ ਸਟੇਜ਼ ਤੇ ਆਉਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਲਤ ਅਫਵਾਹਾਂ ਨੂੰ ਤਿਆਗ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੇ ਜਾਂਦੇ ਸੈਂਪਲਾਂ ਦਾ ਲਾਭ ਲਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਆਪਣਾ ਬਚਾਅ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਅਤੇ ਫਾਰਮੇਸੀ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਇਸ ਸੰਸਥਾ ਵਿੱਚ 1301 ਵਿਅਕਤੀਆਂ ਦੀ ਸੈਪਲਿੰਗ ਹੋਈ ਜਦਕਿ ਇਸ ਮਹੀਨੇ ਵੀ ਇਹ ਗਿਣਤੀ ਕਰੀਬ 1200 ਤੱਕ ਪੁੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਓਟ ਸੋੈਂਟਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਪੁੱਜਦੇ ਮਰੀਜ ਵੀ ਵੱਡੀ ਗਿਣਤੀ ਵਿੱਚ ਸੈਂਪਲਿੰਗ ਕਰਵਾ ਰਹੇ ਹਨ, ਜਿੰਨ੍ਹਾਂ ਵਿੱਚੋਂ ਅੱਜ ਵੀ 120 ਮਰੀਜਾਂ ਨੇ ਆਪਣੇ ਟੈਸਟ ਕਰਵਾਏ ਹਨ।