ਕਿਹਾ- ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਦੀ ਮਿਹਨਤ ਜਰੂਰ ਰੰਗ ਲਿਆਏਗੀ
ਜਗਰਾਜ ਸਿੰਘ ਗਿੱਲ /ਗੁਰਪ੍ਰੀਤ ਸਿੰਘ ਗਹਿਲੀ
ਮੋਗਾ 18 ਮਾਰਚ / ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਹੋ ਚੁੱਕਾ ਹੈ ਜਿਸ ਮੁਤਾਬਕ ਪੰਜਾਬ ਵਿੱਚ ਇਕੋ ਪੜਾ ਦੌਰਾਨ ਇੱਕ ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸ ਸਬੰਧੀ ਭਲੇ ਹੀ ਕਾਂਗਰਸ ਪਾਰਟੀ ਵੱਲੋਂ ਆਪਣੇ ਲੋਕ ਸਭਾ ਮੈਂਬਰਾਂ ਸਬੰਧੀ ਪੱਤੇ ਨਹੀਂ ਖੋਲੇ ਜਾ ਰਹੇ ਪ੍ਰੰਤੂ ਕਾਂਗਰਸੀ ਵਰਕਰ ਚਾਹੁੰਦੇ ਹਨ ਕਿ ਉਹਨਾਂ ਦੇ ਹਲਕਿਆਂ ਵਿੱਚ ਅਜਿਹੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਜੋ ਚੰਗੇ ਪੜੇ ਲਿਖੇ, ਸਿਆਸਤ ਵਿੱਚ ਪੂਰੀ ਤਰਹਾਂ ਪਰਪੱਕ ਅਤੇ ਸੁਲਝੇ ਹੋਏ ਹੋਣ ਦੇ ਨਾਲ ਨਾਲ ਲੋਕਾਂ ਵਿੱਚ ਵਿਚਰਨ ਵਾਲੇ ਹੋਣ ਤਾਂ ਕਿ ਉਹ ਲੋਕ ਸਭਾ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਲਈ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਣ। ਇਨਾ ਗੱਲਾਂ ਦਾ ਪ੍ਰਗਟਾਵਾ ਸ਼ੁਰੂ ਤੋਂ ਹੀ ਕੋਈ ਢਾਈ ਦਹਾਕਿਆਂ ਤੋਂ ਉੱਪਰ ਦੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣ ਅਤੇ ਵੱਖਰੋ ਵੱਖਰੀਆਂ ਪਦਵੀਆਂ ਤੇ ਕੰਮ ਕਰਨ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ (ਪੀਪੀਸੀਸੀ) ਕ੍ਰਿਸ਼ਨ ਤਿਵਾੜੀ ਵੱਲੋਂ ਨਿਊਜ਼ ਪੰਜਾਬ ਦੀ ਪ੍ਰਤੀਨਿਧ ਨਾਲ ਗੱਲ ਕਰਦੇ ਹੋਏ ਕੀਤਾ ਗਿਆ। ਉਹਨਾਂ ਕਿਹਾ
ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਸਮੇਂ ਸੂਬਾਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਦੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਮੇਂ ਸਮੇਂ ਤੇ ਉਠਾਏ ਸਵਾਲਾਂ ਦੇ ਫਲ ਸਰੂਪ ਅਤੇ ਪਾਰਟੀ ਨੂੰ ਹੋਰ ਅੱਗੇ ਲਿਜਾਣ ਲਈ ਕਾਂਗਰਸੀ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਲਗਾਤਾਰ ਮੀਟਗਾਂ ਦੇ ਕਾਰਨ ਜਿਨਾਂ ਵਿੱਚ ਸੀਨੀਅਰ ਕਾਂਗਰਸ ਆਗੂ ਪਰਸ਼ੋਤਮ ਖਲੀਫਾ ਦਾ ਵੀ ਯੋਗਦਾਨ ਹੈ ਲੋਕਾਂ ਵਿੱਚ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਨੂੰ ਹੋਰ ਲੋਕ ਪ੍ਰਿਆ ਬਣਾਉਣ ਵਿੱਚ ਕਾਮਯਾਬ ਹੋ ਰਹੇ ਹਨ। ਉਹਨਾਂ ਕਿਹਾ ਕਿ ਹਲਕਾ ਫਰੀਦਕੋਟ ਦੀ ਲੋਕ ਸਭਾ ਸੀਟ ਲਈ ਇਥੋਂ ਕੋਈ ਜੇਕਰ ਪੜਿਆ ਲਿਖਿਆ ਯੋਗ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਇਥੋਂ ਕਾਂਗਰਸ ਪਾਰਟੀ ਯਕੀਨਨ ਬਾਜੀ ਮਾਰ ਸਕਦੀ ਹੈ। ਉਹਨਾਂ ਦਾ ਇਹ ਵੀ ਤਰਕ ਹੈ ਕਿ ਕਾਂਗਰਸ ਪੰਜਾਬ ਵਿੱਚ ਆਪਣੇ ਉਮੀਦਵਾਰ ਭਾਵੇਂ ਦੇਰੀ ਨਾਲ ਖੜੇ ਕਰ ਸਕਦੀ ਹੈ ਪ੍ਰੰਤੂ ਪੂਰੀ ਸੂਝ ਬੂਝ ਮੁਤਾਬਕ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸਾਰੇ ਪੰਜਾਬ ਵਿੱਚੋਂ ਅੱਗੇ ਰਹਿੰਦੇ ਹੋਏ ਜਿੱਤਾਂ ਦਰਜ ਕਰਨਗੇ।