ਨਿਹਾਲ ਸਿੰਘ ਵਾਲਾ 23 ਫਰਵਰੀ (ਕੀਤਾ ਬਾਰੇਵਾਲਾ ਜਗਸੀਰ ਪੱਤੋ)
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਨਿਹਾਲ ਸਿੰਘ ਵਾਲ਼ਾ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਖੇਡ ਅਧਿਆਪਕਾਂ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ ।ਚੋਣ ਵਰ੍ਹੇ ਦੌਰਾਨ ਸਿੱਖਿਆ ਵਿਭਾਗ ਵੱਲੋਂ ਇਸ ਮੰਗ ਤੇ ਅਮਲ ਕਰਦਿਆਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਲਈ ਬਲਾਕ ਪੱਧਰ ਉਪਰ ਪੀ. ਟੀ. ਆਈ. ਅਧਿਆਪਕਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਡੀ ਟੀ ਐੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਸਕੱਤਰ ਹੀਰਾ ਸਿੰਘ ਢਿੱਲੋਂ, ਵਿੱਤ ਸਕੱਤਰ ਸੁਖਜੀਤ ਕੁੱਸਾ ਨੇ ਸਰਕਾਰ ਦੇ ਇਸ ਫ਼ੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੱਕ ਬਲਾਕ ਵਿੱਚ ਘੱਟ ਤੋਂ ਘੱਟ 55 ਪ੍ਰਾਇਮਰੀ ਸਕੂਲ ਆਉਂਦੇ ਹਨ ਅਤੇ 55 ਸਕੂਲਾਂ ਮਗਰ ਸਿਰਫ ਇੱਕ ਖੇਡ ਅਧਿਆਪਕ ਨਿਯੁਕਤ ਕਰਨਾ ਊਠ ਦੇ ਮੂੰਹ ਵਿੱਚ ਜੀਰੇ ਦੇ ਬਰਾਬਰ ਹੈ ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਡੇ ਪੰਜਾਬ ਵਧੇ ਪੰਜਾਬ ਨੀਤੀ ਤਹਿਤ ਸਰਕਾਰ ਨੂੰ ਹਰ ਇੱਕ ਪ੍ਰਾਇਮਰੀ ਸਕੂਲ ਵਿੱਚ ਪੀ ਟੀ ਆਈ ਅਧਿਆਪਕ ਦੀ ਪੋਸਟ ਮਨਜ਼ੂਰ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਬਚਪਨ ਤੋਂ ਹੀ ਖੇਡਾਂ ਨਾਲ ਜੁੜ ਕੇ ਪੰਜਾਬ ਅਤੇ ਭਾਰਤ ਦਾ ਨਾਂ ਖੇਡਾਂ ਦੇ ਖੇਤਰ ਵਿਚ ਰੋਸ਼ਨ ਕਰਨ ਦੇ ਯੋਗ ਹੋ ਸਕਣ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੋਸਟਾਂ ਛਾਂਗਣ ਦੀ ਨੀਤੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦੇ ਤੱਤ ਨਾਲ਼ ਮੇਲ਼ ਖਾਂਦੀ ਹੈ । ਮੀਤ ਪ੍ਰਧਾਨ ਜੱਸੀ ਹਿੰਮਤਪੁਰਾ ਅਤੇ ਸਹਾਇਕ ਸਕੱਤਰ ਜਸਵੀਰ ਸੈਦਿਕੇ ਨੇ ਕਿਹਾ ਕਿ ਸਰਕਾਰ ਦੀ ਨੀਤੀ ਬਲਾਕਾਂ ਵਿੱਚ ਪ੍ਰਾਇਮਰੀ ਪੱਧਰ ਤੇ ਪੀ ਟੀ ਆਈ ਨਿਯੁਕਤ ਕਰਨ ਦੀ ਨੀਤੀ ਮਿਡਲ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਹੀ ਸ਼ਿਫਟ ਕਰਕੇ ਆਰਜ਼ੀ ਤੌਰ ਤੇ ਭਰਨ ਦੀ ਹੈ ਜੋ ਕਿ ਠੀਕ ਨਹੀ ਹੈ।ਇਸ ਨੀਤੀ ਨਾਲ ਜਿਹੜੇ ਸਕੂਲਾਂ ਵਿੱਚੋਂ ਪੀ ਟੀ ਆਈ ਅਧਿਆਪਕ ਚੁੱਕ ਕੇ ਬਲਾਕਾਂ ਵਿੱਚ ਭੇਜੇ ਜਾਣਗੇ ਉਨ੍ਹਾਂ ਸਕੂਲਾਂ ਦੇ ਵਿਦਿਆਰਥੀ ਖੇਡ ਅਧਿਆਪਕ ਤੋਂ ਵਿਰਵੇ ਹੋ ਜਾਣਗੇ । ਡੀਪੀੲੀ ਜਸਵਿੰਦਰ ਸਿੰਘ ਸਿੱਧੂ ਅਤੇ ਪੀਟੀਅਾੲੀ ਜਗਮੀਤ ਲੁਹਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਡਲ ਸਕੂਲਾਂ ਵਿੱਚ ਪੜ੍ਹਾ ਰਹੇ ਪੀ ਟੀ ਆਈ ਅਧਿਆਪਕਾਂ ਨੂੰ ਬਲਾਕ ਪੱਧਰ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੀ ਥਾਂ ਖੇਡ ਸਬੰਧੀ ਫੰਡ ਨੂੰ ਮੇਨਟੇਨ ਕਰਵਾ ਕੇ ਅਧਿਆਪਕਾਂ ਤੋਂ ਮਨੀਮੀ ਕਰਾ ਕੇ ਮਿਡਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਤੋਂ ਅਧਿਆਪਕ ਖੋਹਣ ਦੀ ਨੀਤੀ ਹੈ ਜਿਸ ਦਾ ਜੱਥੇਬੰਦੀ ਸਖਤ ਵਿਰੋਧ ਕਰਦੀ ਹੈ । ਬਲਾਕ ਕਮੇਟੀ ਮੈਂਬਰ ਹਰਪ੍ਰੀਤ ਰਾਮਾਂ,ਅਮਰਜੀਤ ਪੱਤੋ ਅਤੇ ਹੈਪੀ ਹਿੰਮਤਪੁਰਾ ਨੇ ਸਿੱਖਿਆ ਸਕੱਤਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਪੱਧਰ ਦੇ ਹਰ ਸਕੂਲ ਵਿੱਚ ਖੇਡ ਅਧਿਆਪਕ ਦੀ ਨਿਯੁਕਤੀ ਪੱਕੇ ਤੌਰ ਤੇ ਕੀਤੀ ਜਾਵੇ ਇਸ ਲਈ ਪੋਸਟਾਂ ਮਨਜ਼ੂਰ ਕਰ ਕੇ ਜਲਦੀ ਤੋਂ ਜਲਦੀ ਇਸ਼ਤਿਹਾਰ ਕੱਢਿਆ ਜਾਵੇ ਤਾਂ ਜੋ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਫਿਰ ਰਹੇ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਖੇਡ ਅਧਿਆਪਕ ਮਿਲ ਸਕਣ ।