ਮੋਗਾ 26 ਨਵੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਪ੍ਰਧਾਨ ਮੰਤਰੀ ਸਵੈਨਿੱਧੀ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਸ਼ਹਿਰ ਦੇ ਰੇਹੜੀ ਫੜ੍ਹੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਰੋਜ਼ਗਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ 10 ਹਜ਼ਾਰ ਰੁਪਏ ਦਾ ਬਿਨਾਂ ਗਰੰਟੀ ਕਰਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਕਰਜ਼ੇ ਦੀ ਵਾਪਸੀ ਲਈ 1 ਸਾਲ ਦਾ ਸਮਾਂ ਹੋਵੇਗਾ ਅਤੇ ਸਮੇਂ ਉੱਪਰ ਜਾਂ ਸਮੇਂ ਤੋਂ ਪਹਿਲਾਂ ਕਰਜ਼ਾ ਵਾਪਸ ਕਰਨ ਵਾਲੇ ਬਿਨੈਕਾਰ ਨੂੰ ਕਰਜ਼ਾ ਵਾਪਸੀ ‘ਤੇ ਵਿਆਜ਼ ਦਰ ਉੱਪਰ 7 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਡਿਜ਼ੀਟਲ ਲੈਣ ਦੇਣ ਕਰਨ ਵਾਲੇ ਬਿਨ੍ਹੈਕਾਰਾਂ ਨੂੰ ਮਾਸਿਕ ਨਕਦੀ ‘ਤੇ 100 ਰੁਪਏ ਦੀ ਛੋਟ ਵੀ ਦਿੱਤੀ ਜਾਵੇਗੀ।ਪਹਿਲੇ ਕਰਜ਼ੇ ਦੀ ਸਮੇਂ ਸਿਰ ਵਾਪਸੀ ਉੱਤੇ ਜਿਆਦਾ ਕਰਜ਼ ਦੀ ਉਪਲੱਬਧਤਾ ਹੋਵੇਗੀ।
ਸ੍ਰੀਮਤੀ ਦਰਸ਼ੀ ਨੇ ਅੱਗੇ ਦੱਸਿਆ ਕਿ ਸ਼ਹਿਰ ਦੇ ਰੇਹੜੀ ਫੜ੍ਹੀ ਵਾਲਿਆਂ ਦੀ ਸੁਵਿਧਾ ਲਈ ਆਨਲਾਈਨ ਕਰਜ਼ੇ ਦੀਆਂ ਅਰਜ਼ੀਆਂ ਭਰਨ ਲਈ ਨਗਰ ਨਿਗਮ ਮੋਗਾ ਦਫ਼ਤਰ ਵਿਖੇ ਸਥਿਤ ਪੁਰਾਣੀ ਲਾਇਬਰੇਰੀ ਦੇ ਸਾਹਮਣੇ ਸੇਵਾ ਕੇਂਦਰ ਵਿੱਚ ਇੱਕ ਰੋਜ਼ਾ ਸਪੈਸ਼ਲ ਕੈਂਪ 27 ਨਵੰਬਰ, 2020 ਨੂੰ ਸਵੇਰੇ 11 ਵਜੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮੋਗਾ ਸ਼ਹਿਰ ਦੇ ਸਾਰੇ ਬੈਂਕਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਰਹਿਣਗੇ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਗਰ ਨਿਗਮ ਮੋਗਾ ਵੱਲੋਂ ਸਾਲ-2017 ਵਿੱਚ ਕਰਵਾਏ ਗਏ ਸਟਰੀਟ ਵੈਂਡਰਜ਼ ਦੇ ਸਰਵੇ ਦੀ ਲਿਸਟ ਤੋਂ ਇਲਾਵਾ ਬਾਕੀ ਰਹਿੰਦੇ ਰੇਹੜ੍ਹੀ ਫੜ੍ਹੀ ਵਾਲਿਆਂ ਨੂੰ ਵੀ ਇਹ ਕਰਜ਼ਾ ਦਿੱਤੇ ਜਾਣ ਲਈ ਸਿਫਾਰਿਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ।