11 ਜੂਨ ( ਦਲੀਪ ਕੁਮਾਰ): ਪੈਰਾ ਬੋਸ਼ੀਆ ਖਿਡਾਰੀ ਰਾਜਿੰਦਰ ਸਿੰਘ ਸਰਾਂ (ਜਿੰਦਾ) ਜੋ ਕਿ ਪਹਿਲਾਂ ਕਬੱਡੀ ਦਾ ਪ੍ਰਸਿੱਧ ਖਿਡਾਰੀ ਰਿਹਾ ਹੈ ਤੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀਆਂ ਹਰਜੀਤ ਸਿੰਘ ਬਾਜਾਖਾਨਾ ਹੁਰਾਂ ਨਾਲ ਕਬੱਡੀ ਖੇਡ ਚੁੱਕਾ ਹੈ। ਪਿਛਲੇ 25 ਸਾਲਾਂ ਤੋਂ ਦੁਰਘਟਨਾ ਗ੍ਰਸਤ ਹੋਣ ਕਰਕੇ ਹੁਣ ਮੰਜੇ ਤੇ ਪਿਆ ਹੈ, ਕੈਂਸਰ ਜਿਹੀ ਬਿਮਾਰੀ ਨੂੰ ਵੀ ਮਾਤ ਪਾ ਚੁੱਕਾ ਹੈ। ਅੱਜ ਵੀ ਉਸਦੇ ਹੌਂਸਲੇ ਬੁਲੰਦ ਹਨ। ਕੁਝ ਕੁ ਮਹੀਨੇ ਪਹਿਲਾਂ ਉਹ ਬੋਸ਼ੀਆ ਇੰਡੀਆ ਦੇ ਅਹੁਦੇਦਾਰਾਂ ਦੇ ਸੰਪਰਕ ਵਿੱਚ ਆਇਆ ਤੇ ਉਹਨਾਂ ਵੱਲੋਂ ਕੁਝ ਕੁ ਟ੍ਰੇਨਿੰਗ ਲੈ ਕਿ ਬੋਸ਼ੀਆ ਦਾ ਨਾਮਵਰ ਖਿਡਾਰੀ ਬਣ ਗਿਆ ਤੇ ਪੂਰੇ ਪੰਜਾਬ ਵਿੱਚੋਂ ਉਸਦੀ ਇਕੱਲੇ ਦੀ ਚੋਣ ਨੈਸ਼ਨਲ ਖੇਡਾਂ ਲਈ ਹੋਈ, ਤਾਂ ਰਜਿੰਦਰ ਸਿੰਘ ਜਿੰਦੇ ਨੇ 17 ਤੋਂ 20 ਮਾਰਚ 2021 ਤੱਕ ਵਿਸ਼ਾਖਾਪਟਮ (ਆਂਧਰਾ ਪ੍ਰਦੇਸ਼) ਵਿੱਚ ਹੋਈ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਚੌਥਾ ਸਥਾਨ ਹਾਸਲ ਕੀਤਾ। ਫਿਰ ਉਸਨੇ ਬੋਸ਼ੀਆ ਦਾ ਅੰਤਰ ਰਾਸ਼ਟਰੀ ਪੱਧਰ ਦਾ ਖਿਡਾਰੀ ਬਣਨ ਅਤੇ ਭਾਰਤ ਲਈ ਉਲੰਪਿਕ ਮੈਡਲ ਜਿੱਤਣ ਦੀ ਧਾਰ ਲਈ। ਜਿਸਦੇ ਸਿੱਟੇ ਵਜੋਂ ਉਸਨੇ ਆਪਣੇ ਪਿੰਡ ਦੇ ਕੁਝ ਸਾਥੀਆਂ ਦੇ ਸਹਿਯੋਗ ਨਾਲ ਅਤੇ ਆਪਣੇ ਖਰਚੇ ਤੇ ਆਪਣੇ ਖੁਦ ਦੇ ਘਰ ਸਮਾਲਸਰ (ਮੋਗਾ) ਵਿਖੇ ਪੰਜਾਬ ਦਾ ਪਹਿਲਾ ਬੋਸ਼ੀਆ ਕੋਰਟ (ਗਰਾਊਂਡ) ਤਿਆਰ ਕਰਵਾ ਲਿਆ। ਇਸ ਗਰਾਊਂਡ ਦਾ ਉਦਘਾਟਨ ਕੁਝ ਕੁ ਦਿਨ ਪਹਿਲਾਂ ਹੀ ਬੋਸ਼ੀਆ ਇੰਡੀਆ ਦੇ ਅਹੁਦੇਦਾਰਾਂ ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਸ਼ਮਿੰਦਰ ਸਿੰਘ ਢਿੱਲੋਂ ਜਨਰਲ ਸਕੱਤਰ, ਦਵਿੰਦਰ ਸਿੰਘ ਟਫੀ ਬਰਾੜ ਪੰਜਾਬ ਪ੍ਰਧਾਨ, ਡਾ ਰਮਨਦੀਪ ਸਿੰਘ ਹੈੱਡ ਕਲਾਸੀਫਾਇਰ, ਪ੍ਰਮੋਦ ਧੀਰ ਮੀਡੀਆ ਇੰਚਾਰਜ ਬੋਸ਼ੀਆ ਇੰਡੀਆ ਵੱਲੋਂ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਜਿੰਦਾ ਨੇ ਕਿਹਾ ਕਿ ਉਹ ਆਪਣੇ ਕੋਚਾਂ ਦੀ ਸਹਾਇਤਾ ਨਾਲ ਇਸ ਗਰਾਊਂਡ ਵਿੱਚ ਪ੍ਰੈਕਟਿਸ ਕਰੇਗਾ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਲਈ ੳਲੰਪਿਕ ਪੱਧਰ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰੇਗਾ। ਇਸਦੇ ਨਾਲ ਹੀ ਉਸਨੇ ਪੰਜਾਬ ਅਤੇ ਭਾਰਤ ਦੇ ਹੋਰ ਲੋੜਵੰਦ ਤੇ ਚਾਹਵਾਨ ਬੋਸ਼ੀਆ ਖਿਡਾਰੀਆਂ ਨੂੰ ਵੀ ਇਸ ਗਰਾਊਂਡ ਵਿਖੇ ਆ ਕੇ ਪ੍ਰੈਕਟਿਸ ਕਰਨ ਦਾ ਸੱਦਾ ਦਿੱਤਾ, ਜਿੰਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਰਜਿੰਦਰ ਸਿੰਘ ਸਰਾਂ ਅਤੇ ਪਿੰਡ ਦੀ ਪੰਚਾਇਤ ਨੇ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਇਲਾਕੇ ਦੇ ਖੇਡ ਪ੍ਰੇਮੀ, ਕਬੱਡੀ ਖਿਡਾਰੀ, ਜਗਸੀਰ ਸਿੰਘ ਬਾਬਾ ਚੇਅਰਮੈਨ ਮੰਡੀ ਬੋਰਡ,ਪਿੰਡ ਸਮਾਲਸਰ ਦੇ ਪੰਜੇ ਸਰਪੰਚ, ਅਮਨਦੀਪ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ, ਸਾਬ ਸਰਪੰਚ, ਅਮਰਜੀਤ ਸਿੰਘ ਸਰਪੰਚ,ਅੰਗਰੇਜ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸਰਪੰਚ ਕੋਠੇ ਸੰਗਤਸਰ, ਸੁਖਦੇਵ ਸਿੰਘ ਕਬੱਡੀ ਸਰਪੰਚ, ਨੀਲਾ ਸਰਪੰਚ ਸਮਾਲਸਰ, ਹਰਪ੍ਰੀਤ ਸਿੰਘ ਹੈਪੀ ਸਰਪੰਚ ਪੰਜਗਰਾਈਂ ਖੁਰਦ, ਪੱਪੂ ਪ੍ਰਧਾਨ ਕਿਸਾਨ ਯੂਨੀਅਨ ਪੰਜ ਗਰਾਈਂ ਖੁਰਦ, ਲੇਖਕ ਅਤੇ ਪੇਂਟਰ ਭਿੰਦਰ ਸਿੰਘ ਘਣੀਏ ਵਾਲਾ, ਸਿਮਰਾ,ਤਰਨ ਸਿੰਘ ਸੰਧੂ ਆਦਿ ਹਾਜ਼ਰ ਸਨ।