ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ 7 ਅਗਸਤ ਨੂੰ ਦਿੱਤੀ ਜਾਵੇਗੀ ਖੁਰਾਕ

ਜ਼ਿਲਾ ਮੋਗਾ ਦੇ 812 ਸਕੂਲਾਂ ਅਤੇ 983 ਆਂਗਣਵਾੜੀ ਕੇਂਦਰਾਂ ਵਿੱਚ ਦਿੱਤੀ ਜਾਵੇਗੀ ਐਲਬੈਂਡਾਜ਼ੋਲ ਦੀ ਦਵਾਈ

ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਹਰੇਕ ਯੋਗ ਬੱਚੇ ਤੱਕ ਖੁਰਾਕ ਪੁਹੰਚਾਉਣੀ ਬਣਾਏਗਾ ਯਕੀਨੀ-ਡਿਪਟੀ ਕਮਿਸ਼ਨਰ 

ਮੋਗਾ, 4 ਅਗਸਤ  ਜਗਰਾਜ ਸਿੰਘ ਗਿੱਲ 

ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ 7 ਅਗਸਤ ਨੂੰ ਨੈਸ਼ਨਲ ਡੀਵਾਰਮਿੰਗ ਡੇਅ ਵਾਲੇ ਦਿਨ ਬੱਚਿਆਂ ਨੂੰ ਖੁਰਾਕ ਦਿੱਤੀ ਜਾਣੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ 7 ਅਗਸਤ ਨੂੰ 1 ਤੋਂ 19 ਸਾਲ ਦੇ ਸਾਰੇ ਬੱਚਿਆਂ ਨੂੰ ਸਾਰੇ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀਆਂ ਵਿਚ ਐਲਬੋਡਾਜੋਲ (ਪੇਟ ਦੇ ਕੀੜੇ ਮਾਰਨ) ਦਾ ਸਿਰਪ ਜਾਂ ਗੋਲੀਆਂ ਖੁਆਈਆ ਜਾਣਗੀਆਂ। ਜ਼ਿਲਾ ਮੋਗਾ ਵਿੱਚ 591 ਸਰਕਾਰੀ ਸਕੂਲ, 221 ਪ੍ਰਾਈਵੇਟ ਸਕੂਲ/ਮਾਨਤਾ ਪ੍ਰਾਪਤ ਅਤੇ 983 ਆਂਗਣਵਾੜੀ ਕੇਂਦਰ ਚੱਲ ਰਹੇ ਹਨ। ਇਹਨਾਂ ਵਿਚਲੇ ਸਾਰੇ ਬੱਚਿਆਂ ਤੱਕ ਇਹ ਖੁਰਾਕ ਪਹੁੰਚਾਈ ਜਾਵੇਗੀ। ਉਨਾਂ ਕਿਹਾ ਕਿ 1-2 ਸਾਲ ਦੇ ਬੱਚਿਆਂ ਨੂੰ ਐਲਬੈਂਡਾਜੋਲ ਦਾ ਸਿਰਪ ਦਿੱਤਾ ਜਾਵੇਗਾ ਅਤੇ 2-19 ਸਾਲ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਪੂਰੀ ਗੋਲੀ ਖੁਆਈ ਜਾਵੇਗੀ। ਜਿਹੜੇ ਬੱਚੇ ਬੀਮਾਰ ਹਨ ਜਾਂ ਕੋਈ ਹੋਰ ਦਵਾਈ ਖਾ ਰਹੇ ਹਨ, ਉਹਨਾਂ ਨੂੰ ਐਲਬੈਂਡਾਜੋਲ ਦਾ ਸਿਰਪ ਜਾਂ ਗੋਲੀ ਨਹੀਂ ਖੁਆਈ ਜਾਵੇਗੀ। ਉਨਾਂ ਕਿਹਾ ਕਿ ਜਿਹੜੇ ਬੱਚੇ 7 ਅਗਸਤ ਨੂੰ ਕਿਸੇ ਕਾਰਨ ਇਸ ਖੁਰਾਕ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਨੂੰ ਮੋਪ ਅੱਪ ਦਿਵਸ 14 ਅਗਸਤ 2025 ਨੂੰ ਗੋਲੀ ਖੁਆਈ ਜਾਵੇਗੀ।

ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਹਰੇਕ ਬੱਚੇ ਤੱਕ ਇਸ ਖੁਰਾਕ ਨੂੰ ਪਹੁੰਚਾਉਣਾ ਯਕੀਨੀ ਬਣਾਏਗਾ। ਉਨਾਂ ਕਿਹਾ ਕਿ ਸਾਰੇ ਸਕੂਲ ਅਤੇ ਆਗਣਵਾੜੀਆਂ ਸਹਿਯੋਗ ਕਰਨ ਅਤੇ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਐਲਬੈਂਡਾਜੋਲ ਦੀ ਗੋਲੀ ਜਾਂ ਸਿਰਪ ਬੱਚੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਖੁਆਈਆਂ ਜਾਣ ਖਾਲੀ ਪੇਟ ਗੋਲੀ ਜਾਂ ਸਿਰਪ ਦਾ ਸੇਵਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਆਂਗਣਵਾੜੀਆਂ ਵਿਚ ਐਲਬੈਂਡਾਜੋਲ ਦੀਆਂ ਗੋਲੀਆਂ ਆਂਗਣਵਾੜੀ ਵਰਕਰਾਂ ਦੁਆਰਾ ਅਤੇ ਸਕੂਲਾਂ ਵਿਚ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਖੁਦ ਖੁਆਈਆਂ ਜਾਣ। ਆਸ਼ਾ ਵਰਕਰ ਅਣ-ਰਜਿਸਟਰਡ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਨਾ ਜਾਣ ਵਾਲੇ ਬੱਚਿਆਂ ਨੂੰ ਐਲਬੈਂਡਾਜੋਲ ਦਾ ਸਿਰਪ ਜਾਂ ਗੋਲੀਆਂ ਖਵਾਉਣਗੀਆਂ ਅਤੇ ਰਿਪੋਟਿੰਗ ਕਰਨਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇੱਕ ਰਾਸ਼ਟਰੀ ਪ੍ਰੋਗਰਾਮ ਹੈ, ਜਿਸ ਵਿੱਚ ਸਾਰੇ ਮਾਪਿਆਂ ਅਤੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *